ਨਦੀਨਾਂ ਦੀ ਜਾਂਚ ਲਈ ਤਪਾ ਇਲਾਕੇ ’ਚ ਪਹੁੰਚੀ ਖੇਤੀਬਾਡ਼ੀ ਯੂਨੀਵਰਸਟੀ ਦੀ ਟੀਮ

01/21/2019 10:29:56 AM

ਸੰਗਰੂਰ (ਸ਼ਾਮ)-ਹਾਡ਼੍ਹੀ ਦੀ ਮੁੱਖ ਫਸਲ ਕਣਕ ਵਿਚ ਪੈਦਾ ਹੋਏ ਨਦੀਨ (ਗੁਲੀਡੰਡਾ) ਦੇ ਨਾ ਮਰਨ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਖੇਤੀਬਾਡ਼ੀ ਯੂਨੀਵਰਸਟੀ ਦੇ ਉੱਚ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਨਦੀਨਾਂ ਤੋਂ ਪੀਡ਼ਤ ਕਿਸਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਖੇਤਾਂ ਦੇ ਦੌਰੇ ਕਰ ਕੇ ਸਾਰੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਜਾਂਚਿਆ। ਯੂਨੀਵਰਸਿਟੀ ਵੱਲੋਂ ਸੀਨੀਅਰ ਖੇਤੀਬਾੜੀ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ, ਸਹਾਇਕ ਕੀਟ ਵਿਗਿਆਨੀ ਡਾ. ਬੇਅੰਤ ਸਿੰਘ ਅਤੇ ਜ਼ਿਲਾ ਪ੍ਰਸਾਰ ਮਾਹਿਰ ਕਿਸਾਨ ਸੇਵਾ ਸਲਾਹਕਾਰ ਕੇਂਦਰ ਬਰਨਾਲਾ ਡਾ. ਵਿਵੇਕ ਕੁਮਾਰ ਦੀ ਟੀਮ ਵੱਲੋਂ ਪਿੰਡ ਮਹਿਤਾ, ਧੌਲਾ, ਜੰਗੀਆਣਾ, ਚੀਮਾ, ਗਹਿਲ ਆਦਿ ਦੇ ਕਿਸਾਨਾਂ ਨਾਲ ਪਰਾਲੀ ਅਤੇ ਨਦੀਨਾਂ ਦੀ ਸਮੱਸਿਆ ਬਾਰੇ ਗੱਲਬਾਤ ਕਰ ਕੇ ਆਪਣੀਆਂ ਨਵੀਆਂ ਤਕਨੀਕਾਂ ਤੇ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਨੂੰ ਵਰਤੇ ਜਾਣ ਦੇ ਸਹੀ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ। ਹੈਪੀਸੀਡਰ ਅਤੇ ਜ਼ੀਰੋ ਡਰਿੱਲ ਨਾਲ ਬੀਜੀ ਕਣਕ ਦੇ ਸਹੀ ਢੰਗ ਨਾਲ ਉੱਗਣ ਬਾਰੇ ਕਿਸਾਨ ਜਸਵੰਤ ਸਿੰਘ, ਕੁਲਵਿੰਦਰ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਖੇਤੀ ਮਾਹਰਾਂ ਨੇ ਕਿਹਾ ਕਿ ਕਣਕ ਦੇ ਸਹੀ ਨਾ ਉੱਗਣ ਦਾ ਕਾਰਨ ਜ਼ਮੀਨ ਦਾ ਖੁਸ਼ਕ ਹੋਣਾ ਵੱਧ ਜ਼ਿੰਮੇਵਾਰ ਹੈ। ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਦੋਂ ਵੀ ਫਸਲਾਂ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿੱਜਕ ਹੋ ਕੇ ਉਨ੍ਹਾਂ ਨਾਲ ਸੰਪਰਕ ਕਰਨ। ਇਸ ਸਮੇਂ ਕਿਸਾਨ ਜਸਵੰਤ ਸਿੰਘ, ਨਿੱਕਾ ਸਿੰਘ, ਗੁਰਪ੍ਰੀਤ ਸਿੰਘ (ਲੂਬਾ), ਸਮੁੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।


Related News