ਬਲਾਕ ਸ਼ੇਰਪੁਰ ਵਿਖੇ ਦੂਜੇ ਦਿਨ 86 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ
Tuesday, Dec 18, 2018 - 12:37 PM (IST)

ਸੰਗਰੂਰ (ਅਨੀਸ਼)- ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਦੂਜੇ ਦਿਨ ਬਲਾਕ ਸ਼ੇਰਪੁਰ ਦੇ 37 ਪਿੰਡਾਂ ਵਿਚ ਚੋਣ ਲਡ਼ ਰਹੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵੱਖ-ਵੱਖ ਪਿੰਡਾਂ ਦੇ ਬਣਾਏ ਗਏ ਪੰਜ ਕਲੱਸਟਰਾਂ ’ਚ ਜਮ੍ਹਾ ਕਰਵਾਏ । ਇਸ ਮੌਕੇ ਵੱਖ-ਵੱਖ ਕਲੱਸਟਰਾਂ ’ਚ 18 ਉਮੀਦਵਾਰਾਂ ਨੇ ਸਰਪੰਚੀ ਲਈ ਅਤੇ 68 ਉਮੀਦਵਾਰਾਂ ਨੇ ਪੰਚ ਦੀ ਉਮੀਦਵਾਰੀ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ । ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਅਤੇ ਪੰਚਾਇਤੀ ਚੋਣਾਂ ਲਡ਼ ਰਹੇ ਉਮੀਦਵਾਰ ਵੱਡੀ ਗਿਣਤੀ ਵਿਚ ਸਬ ਤਹਿਸੀਲ ਸ਼ੇਰਪੁਰ ਵਿਖੇ ਫਾਰਮ ਤਿਆਰ ਕਰਵਾਉਂਦੇ ਦੇਖੇ ਗਏ । ਕਸਬੇ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਵਿਚ ਪੰਚੀ ਅਤੇ ਸਰਪੰਚੀ ਦੇ ਉਮੀਦਵਾਰ ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਆ ਰਹੇ ਹਨ। ਭਾਵੇਂ ਪ੍ਰਸ਼ਾਸਨ ਵਲੋਂ ਬਲਾਕ ਸ਼ੇਰਪੁਰ ਦੇ ਪੰਜ ਕਲੱਸਟਰ ਬਣਾਏ ਗਏ ਹਨ ਪਰ ਕਈ ਕਲੱਸਟਰਾਂ ’ਚ ਕਾਗਜ਼ ਜਮ੍ਹਾ ਕਰਵਾਉਣ ਦੀ ਰਫਤਾਰ ਬਹੁਤ ਹੀ ਧੀਮੀ ਗਤੀ ਨਾਲ ਦੇਖਣ ਨੂੰ ਮਿਲੀ ,ਜਿਸ ਕਰਕੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਉਮੀਦਵਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਦੂਜੇ ਪਾਸੇ ਪੰਚਾਂ ਦੀ ਚੋਣ ਲਈ ਬਹੁਤ ਸਾਰੇ ਪਿੰਡਾਂ ਵਿਚ ਸਰਬਸੰਮਤੀ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ।