ਮੁੱਖ ਯਾਰਡ ਅਤੇ ਖਰੀਦ ਕੇਂਦਰਾਂ ''ਚ ਝੋਨੇ ਦੀ ਆਮਦ ਨੇ ਫੜ੍ਹੀ ਤੇਜ਼ੀ

10/21/2020 3:33:22 PM

ਤਪਾ ਮੰਡੀ (ਸ਼ਾਮ,ਗਰਗ): ਝੋਨੇ ਦੀ ਆਮਦ ਖਰੀਦ ਕੇਂਦਰਾਂ 'ਚ ਤੇਜ਼ੀ ਨਾਲ ਆ ਰਹੀ ਹੈ,ਪਰ ਮਾਰਕਿਟ ਕਮੇਟੀ ਵਲੋਂ ਦਿੱਤੇ ਜਾਂਦੇ ਗੇਟ ਪਾਸ ਵਾਲੇ ਕੂਪਨ ਖਰੀਦ ਕੇਂਦਰਾਂ 'ਚ ਅੜਿੱਕਾ ਬਣੇ ਹੋਣ ਕਾਰਨ ਆੜ੍ਹਤੀਆਂ,ਕਿਸਾਨ ਅਤੇ ਮਜ਼ਦੂਰ ਖੱਜਲ-ਖੁਆਰ ਹੋ ਰਹੇ ਹਨ। ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਨੀਸ਼ ਮੋੜ ਨੇ ਦੱਸਿਆ ਕਿ ਇੱਕ-ਇੱਕ ਆੜ੍ਹਤੀਏ ਕੋਲ ਪੰਜ ਹਜ਼ਾਰ ਤੱਕ ਗੱਟਿਆਂ ਦੀ ਆਮਦ ਹੋ ਸਕਦੀ ਹੈ ਪਰ ਕੂਪਨ ਘੱਟ ਹੋਣ ਕਾਰਨ ਆੜ੍ਹਤੀਏ ਅਤੇ ਕਿਸਾਨ ਦੋਵੇਂ ਹੀ ਪਰੇਸ਼ਾਨ ਹਨ,ਕਿਉਂਕਿ ਇਕ ਕਿਸਾਨ ਦੀ ਸਾਰੀ ਫਸਲ ਦੀ ਖਰੀਦ ਨਾ ਹੋਣ ਕਾਰਨ ਉਹ ਮੰਡੀਆਂ 'ਚ ਰੁਲ ਰਹੇ ਹਨ। ਕਿਸਾਨ ਰਣਜੀਤ ਸਿੰਘ ਘੁੜੈਲਾ ਨੇ ਦੱਸਿਆ ਕਿ ਉਸ ਨੇ 44 ਏਕੜ ਝੋਨੇ ਦੀ ਵਾਢੀ ਕੀਤੀ ਹੈ ਪਰ ਉਸ ਨੂੰ ਖਰੀਦ ਕੇਂਦਰ 'ਚ ਝੋਨਾ ਲਿਆਉਣ ਲਈ 2 ਕੂਪਨ ਮਿਲੇ ਹਨ ਇਸ ਨਾਲ ਉਸ ਦੇ 300 ਗੱਟੇ ਤੱਕ ਦੀ ਬੋਲੀ ਲੱਗੇਗੀ ਪਰ ਉਹ ਬਾਕੀ ਦਾ ਝੋਨਾ ਕਿੱਥੇ ਸੁੱਟੇਗਾ ਜਦਕਿ ਖੇਤ ਖਾਲੀ ਕਰਕੇ ਉਸ ਨੇ ਆਲੂ ਅਤੇ ਕਣਕ ਦੀ ਬੀਜਾਦ ਕਰਨੀ ਹੈ ਪਰ ਕੂਪਨ ਸਿਸਟਮ ਉਸ ਨੂੰ ਖਰੀਦ ਕੇਂਦਰ 'ਚ ਹੀ ਉਲਝਾਈ ਫਿਰਦਾ ਹੈ।

ਇਸੇ ਤਰ੍ਹਾਂ ਪਰਮਜੀਤ ਸਿੰਘ,ਕਰਮਜੀਤ ਸਿੰਘ ਨੇ ਵੀ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਿਸਟਮ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਖਰੀਦ ਦਾ ਸਾਰਾ ਪ੍ਰਬੰਧ ਆੜ੍ਹਤੀਆਂ ਦੇ ਸਪੁਰਦ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਹਦਾਇਤ ਹੋਣੀ ਚਾਹੀਦੀ ਹੈ ਕਿ ਉਹ ਕੋਵਿਡ-19 ਦੇ ਸਾਰੇ ਨਿਯਮਾਂ ਦੀ ਪਾਲਣਾ ਕਰੇ,ਉਹ ਆਪਣੀ ਅਤੇ ਕਿਸਾਨ ਦੀ ਸਹੂਲਤ ਅਨੁਸਾਰ ਖਰੀਦ ਕੇਂਦਰ 'ਚ ਝੋਨੇ ਦੀ ਆਮਦ ਕਰਵਾ ਸਕੇ। ਆੜ੍ਹਤੀਏ ਮੁਨੀਸ਼ ਮਿੱਤਲ,ਮਦਨ ਲਾਲ ਘੁੜੈਲਾ,ਜੀਵਨ ਬਾਂਸਲ,ਅਨਿਲ ਕੁਮਾਰ ਭੈਣੀ ਦਾ ਕਹਿਣਾ ਹੈ ਕਿ ਕੂਪਨ ਸਿਸਟਮ ਦੇ ਨਾਲ ਅਨੇਕ ਪ੍ਰਕਾਰ ਦੀਆਂ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ ਤੇ ਉਨ੍ਹਾਂ ਲਈ ਕਿਸਾਨ ਦੇ ਝੋਨੇ ਦੇ ਬਿੱਲ ਬਣਾਉਣ,ਅਦਾਇਗੀ ਕਰਨ,ਲਿਫਟਿੰਗ ਵਿੱਚ ਅੜਿੱਕੇ ਬਣਦੇ ਹਨ ਅਤੇ ਝੋਨੇ ਦੇ ਖਰੀਦ ਕੰਮ ਵਿੱਚ ਤੇਜ਼ੀ ਆਉਣੀ ਮੁਸ਼ਕਲ ਹੈ। ਇਸ ਲਈ ਇਹ ਸਿਸਟਮ ਬੰਦ ਕਰ ਦੇਣਾ ਚਾਹੀਦਾ ਹੈ।

ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੰਗਤ ਰਾਏ ਦਾ ਕਹਿਣਾ ਹੈ ਕਿ ਝੋਨੇ ਦੀ ਆਮਦ ਤੇਜ਼ ਹੋ ਗਈ ਹੈ ਪਰ ਸਮੇਂ ਸਿਰ ਕੂਪਨ ਨਾ ਮਿਲਣ ਕਾਰਨ ਢੇਰੀਆਂ ਭਰਨ 'ਚ ਮੁਸ਼ਕਲ ਆ ਰਹੀ ਹੈ,ਉਨ੍ਹਾਂ ਮੰਗ ਕੀਤੀ ਕਿ ਸਿਸਟਮ ਨੂੰ ਬੰਦ ਕੀਤਾ ਜਾਵੇ। ਜਦ ਮੰਡੀ ਸੁਪਰਵਾਈਜਰ ਧਰਮਿੰਦਰ ਮਾਂਗਟ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਰਰੋਜ ਜਿੰਨੇ ਕੂਪਨ ਨਿਕਲਦੇ ਹਨ ਆੜਤੀਆਂ ਨੂੰ ਦੇ ਦਿੱਤੇ ਜਾਂਦੇ,ਅੱਜ ਗੁਲਾਬੀ ਰੰਗ ਦੇ 791 ਕੂਪਨ ਆੜਤੀਆਂ ਨੂੰ ਦਿੱਤੇ ਜਾਣਗੇ। ਜਦ ਸਾਰੇ ਮਾਮਲੇ ਸੰਬੰਧੀ ਜ਼ਿਲ੍ਹਾ ਮੰਡੀਕਰਨ ਅਫਸਰ ਯਸਪਾਲ ਜੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੋਵਿਡ-19 ਕਾਰਨ ਮਹਾਮਾਰੀ ਦਿਨੋਂ-ਦਿਨ ਪ੍ਰਕੋਪ ਵੱਧਦਾ ਹੀ ਜਾ ਰਿਹਾ ਹੈ। ਇਸ ਲਈ ਖਰੀਦ ਕੇਂਦਰਾਂ 'ਚ ਸਮਾਜਿਕ ਦੂਰੀ ਬਣਾਕੇ ਰੱਖਣਾ,ਮੂੰਹ ਤੇ ਮਾਸਕ ਲਗਾਕੇ ਰੱਖਣਾ ਅਤੇ ਸੈਨੀਟਾਈਜਰ ਦੀ ਵਰਤੋਂ ਦੇ ਨਿਯਮਾਂ ਨੂੰ ਲਾਗੂ ਰੱਖਣ ਕਾਰਨ ਕੂਪਨ ਸਿਸਟਮ ਲਾਗੂ ਕੀਤਾ ਗਿਆ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਜਿਵੇਂ-ਜਿਵੇਂ ਝੋਨੇ ਦੀ ਆਮਦ ਵੱਧਦੀ ਜਾਵੇਗੀ ਉਸੇ ਤਰ੍ਹਾਂ ਕੂਪਨਾਂ ਦੀ ਰਫ਼ਤਾਰ ਵਧਾ ਦਿੱਤੀ ਜਾਵੇਗੀ। ਘਬਰਾਉਣ ਦੀ ਲੋੜ ਨਹੀਂ ਹੈ,ਕਿਸਾਨ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ।


Shyna

Content Editor

Related News