ਪਾਕਿਸਤਾਨ ਦੇ ਸਾਬਕਾ ਮੰਤਰੀ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਮੰਦੀ ਸ਼ਬਦਾਵਲੀ ਦੀ ਭਾਈ ਲੌਗੋਵਾਲ ਵਲੋਂ ਨਿਖੇਧੀ

06/23/2020 12:32:34 PM

ਸ਼ੇਰਪੁਰ (ਅਨੀਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਸਾਬਕਾ ਸੰਘੀ ਰੇਲਵੇ ਮੰਤਰੀ ਖ਼ੁਵਾਜਾ ਸਾਦ ਰਫ਼ੀਕ ਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਤੇ ਅੱਯਾਸ਼ ਹੁਕਮਰਾਨ ਦਸ ਕੇ ਸਿੱਖ ਜਰਨੈਲਾਂ ਵਿਰੁੱਧ ਵਰਤੀ ਗਲ਼ਤ ਸ਼ਬਦਾਵਲੀ ਦੀ ਸ਼ਖ਼ਤ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਸ਼ਰਧਾਲੂ ਸਿੱਖ ਸੀ। ਉਨ੍ਹਾਂ ਦਾ ਸ਼ਾਸਨ ਗੁਰੂ ਸਾਹਿਬਾਨ ਦੇ ਮੂਲ ਸਿਧਾਂਤਾਂ 'ਤੇ ਆਧਾਰਿਤ ਸੀ, ਜਿਸ 'ਚ ਸਮਾਜਿਕ ਸਮਾਨਤਾਂ ਤੇ ਧਾਰਮਿਕ ਆਜ਼ਾਦੀ ਸੀ। ਉਨ੍ਹਾਂ ਦੇ ਦਰਬਾਰ 'ਚ ਹਿੰਦੂ ਤੇ ਮੁਸਲਮਾਨ ਅਫ਼ਸਰ ਵੀ ਸਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਨਾਮ ਜਗੀਰਾਂ ਲਗਾਈਆਂ, ਉਥੇ ਹਿੰਦੂ ਮੰਦਰਾਂ ਅਤੇ ਮੁਸਲਮਾਨਾਂ ਦੀਆਂ ਖ਼ਾਨਗਾਹਾਂ ਤੇ ਪੀਰਾਂ ਦੀਆਂ ਦਰਗਾਹਾਂ ਨੂੰ ਵੀ ਸਹਾਇਤਾ ਦਿੱਤੀ।ਭਾਈ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਸਬੰਧੀ ਗਲ਼ਤ ਸ਼ਬਦਾਵਲੀ ਵਰਤਣ 'ਤੇ ਖ਼ੁਵਾਜਾ ਸਾਦ ਰਫ਼ੀਕ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।


Shyna

Content Editor

Related News