ਰੇਹੜੀ ਚਾਲਕ ਨਾਲ ਵਾਪਰਿਆ ਵੱਡਾ ਹਾਦਸਾ, ਸਾਰੀ ਰਾਤ ਠੰਡ ''ਚ ਪਏ ਰਹਿਣ ਕਾਰਨ ਹੋਈ ਮੌਤ

01/22/2023 2:54:11 PM

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਬਾਲਦ ਕਲਾਂ ਤੋਂ ਪਿੰਡ ਤੂਰੀ ਨੂੰ ਜਾਂਦੀ ਲੰਕ ਸੜਕ 'ਤੇ ਬੀਤੀ ਰਾਤ ਇਕ ਮੋਟਰਸਾਈਕਲ ਰੇਹੜੀ ਅਚਾਨਕ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ, ਜਿਸ 'ਚ ਰੇਹੜੀ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਵਾਨੀਗੜ੍ਹ, ਜੋ ਮੋਟਰਸਾਈਕਲ ਰੇਹੜੀ ਰਾਹੀ ਸਾਮਾਨ ਦੀ ਢੋਆ-ਢੁਆਈ ਦਾ ਕੰਮ ਕਰਨ ਦੇ ਨਾਲ ਹੀ ਵੱਖ-ਵੱਖ ਸਮਾਗਮਾਂ ’ਚ ਕੌਫ਼ੀ ਵਾਲੀ ਮਸ਼ੀਨ ਚਲਾਉਣ ਦਾ ਕੰਮ ਕਰਦਾ ਸੀ। ਬੀਤੀ ਦੇਰ ਰਾਤ ਪਿੰਡ ਮਾਝੀ ਵਿਖੇ ਇਕ ਵਿਆਹ ਸਮਾਗਾਮ ਦੀ ਸਮਾਪਤੀ ਤੋਂ ਬਾਅਦ ਜਦੋਂ ਉਹ ਆਪਣੀ ਮੋਟਰਸਾਈਕਲ ਰੇਹੜੀ ’ਚ ਕੌਫ਼ੀ ਵਾਲੀ ਮਸ਼ੀਨ, ਚੁੱਲਾ ਭੱਠੀ ਅਤੇ ਹੋਰ ਸਾਮਾਨ ਲੈ ਕੇ ਭਵਾਨੀਗੜ ਨੂੰ ਪਰਤ ਰਿਹਾ ਸੀ ਤਾਂ ਰਸਤੇ ’ਚ ਪਿੰਡ ਤੁਰੀ ਤੋਂ ਬਾਲਦਕਲਾਂ ਨੂੰ ਆਉਂਦੇ ਸਮੇਂ ਇੱਟਾਂ ਦੇ ਭੱਠੇ ਨੇੜੇ ਉਸ ਦੀ ਮੋਟਰਸਾਈਕਲ ਰੇਹੜੀ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ। ਇਸ ਦੌਰਾਨ ਸਿਰ ਦਰੱਖ਼ਤ 'ਚ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਖੇਤ 'ਚ ਜਾ ਡਿਗਿਆ, ਜਿੱਥੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਮੁਕਤਸਰ ਪੁਲਸ ਦੇ ਸ਼ਿਕੰਜੇ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ, ਮਿਲਿਆ 2 ਦਿਨਾ ਰਿਮਾਂਡ

ਜਾਣਕਾਰੀ ਮੁਤਾਬਕ ਗੰਭੀਰ ਜ਼ਖ਼ਮੀ ਹਾਲਤ ’ਚ ਉਕਤ ਪੂਰੀ ਰਾਤ ਠੰਡ ’ਚ ਖੇਤ ਵਿਚ ਹੀ ਪਿਆ ਰਿਹਾ, ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ। ਅੱਜ ਸਵੇਰੇ ਇੱਥੋਂ ਲੰਘ ਰਹੇ ਕੁਝ ਰਾਹਗੀਰਾਂ ਨੇ ਸੜਕ 'ਤੇ ਪਲਟੀ ਹੋਈ ਰੇਹੜੀ ਨੂੰ ਦੇਖਿਆ ਤਾਂ ਉਨ੍ਹਾਂ ਨੇੜੇ ਖੇਤ ’ਚ ਪਈ ਉਕਤ ਦੀ ਲਾਸ਼ ਨੂੰ ਦੇਖ ਕੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲੋਕਾਂ ’ਚ ਇਸ ਗੱਲ ਨੂੰ ਲੈ ਕੇ ਸਖ਼ਤ ਰੋਸ ਪਾਇਆ ਜਾ ਰਿਹਾ ਹੈ ਕਿ ਸ਼ਹਿਰ ਤੋਂ ਨਾਭਾ ਨੂੰ ਜਾਣ ਵਾਲੀ ਮੁੱਖ ਸੜਕ ਦੀ ਖ਼ਸਤਾ ਹਾਲਤ ਕਾਰਨ ਮਜਬੂਰ ਹੋ ਕੇ ਅਕਸਰ ਲੋਕ ਨਾਭਾ ਤੇ ਮਾਝੀ ਆਦਿ ਪਿੰਡਾਂ ਤੋਂ ਆਉਣ ਲਈ ਨਾਭਾ ਮੁੱਖ ਸੜਕ ਦੀ ਥਾਂ ਮਾਝੀ ਤੋਂ ਤੁਰੀ, ਬਾਲਦ ਕਲ੍ਹਾਂ ਨੂੰ ਆਉਂਦੀ ਇਸ ਸੁੰਨ ਸਾਨ ਰਸਤੇ ਵਾਲੀ ਲੰਕ ਸੜਕ ਰਾਹੀ ਆਉਂਦੇ ਜਾਂਦੇ ਹਨ ਤੇ ਇਸ ਸੜਕ ਦੀ ਘੱਟ ਚੌੜਾਈ ਤੇ ਗੰਭੀਰ ਮੋੜਾਂ ਕਾਰਨ ਇੱਥੇ ਵੀ ਜਾਨਲੇਵਾ ਹਾਦਸੇ ਵਾਪਰਦੇ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਾਭਾ ਭਵਾਨੀਗੜ੍ਹ ਮੁੱਖ ਸੜਕ ਦਾ ਜਲਦ ਪੂਨਰ ਨਿਰਮਾਣ ਕਰਵਾਇਆ ਜਾਵੇ।  

ਇਹ ਵੀ ਪੜ੍ਹੋ- ਬੇਅਦਬੀ ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ, ਕੀਤੀ ਇਹ ਮੰਗ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News