ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਤੋਂ ਪ੍ਰੇਰਨਾ ਲਈ ਜਾਵੇ : ਲੌਂਗੋਵਾਲ

02/12/2021 10:29:54 AM

ਸੁਨਾਮ (ਬਾਂਸਲ)-ਕੌਮੀ ਸੇਵਾ ਯੋਜਨਾ ਇਕਾਈ ਸ. ਸ. ਸ. ਸ. ਮਹਿਲਾ ਸੰਗਰੂਰ ਵੱਲੋਂ ਜ਼ਿਲ੍ਹਾਂ ਸਿੱਖਿਆ ਅਫਸਰ ਸੰਗਰੂਰ ਮਲਕੀਤ ਸਿੰਘ ਖੋਸਾ ਦੇ ਨਿਰਦੇਸ਼ਾਂ ਤਹਿਤ ਇੰਚਾਰਜ ਪ੍ਰਿੰਸੀਪਲ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਭਾਸ਼ਣ ਮੁਕਾਬਲਿਆਂ ਦਾ ਆਯੋਜਨ ਪ੍ਰੋਗਰਾਮ ਕੋ-ਆਰਡੀਨੇਟਰ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਦੀ ਦੇਖ-ਰੇਖ ’ਚ ਕਰਵਾਇਆ ਗਿਆ। ਇਸ ਭਾਸ਼ਣ ਮੁਕਾਬਲੇ ’ਚ ਵੱਖ-ਵੱਖ ਜਮਾਤਾਂ ਦੇ 15 ਵਿਦਿਆਰਥੀਆਂ ਨੇ ਭਾਗ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੇ ਬਚਪਨ, ਸਿੱਖਿਆ ਤੇ ਪਰਿਵਾਰਕ ਪਿਛੋਕੜ ਬਾਰੇ ਦੱਸਿਆ।

ਇਸ ਮੌਕੇ ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅੱਜ ਦੇ ਸਮੇਂ ’ਚ ਉਨ੍ਹਾਂ ਦੀ ਵਿਚਾਰਧਾਰਾ ਸਾਡੇ ਸਾਰਿਆਂ ਲਈ ਪ੍ਰੇਰਨਾਸ੍ਰੋਤ ਹੈ ਤੇ ਪੂਰੀ ਮਨੁੱਖਤਾ ਲਈ ਰਾਹ ਦਸੇਰਾ ਹੈ। ਇੰਚਾਰਜ ਪ੍ਰਿੰਸੀਪਲ ਪਰਮਿੰਦਰ ਕੁਮਾਰ ਲੌਂਗੋਵਾਲ ਲੈ ਕੇ ਅੰਗਰੇਜ਼ੀ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਹੋਏ ਮਾਰਗ ’ਤੇ ਚੱਲਦਿਆਂ ਲੋੜਵੰਦਾਂ ਦੀ ਮਦਦ ਕਰਨ ਲਈ ਯਤਨਸ਼ੀਲ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ।

ਉਨ੍ਹਾਂ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੀ ਵੀ ਵਿਆਖਿਆ ਕੀਤੀ। ਉਨ੍ਹਾਂ ਭਾਸ਼ਣ ਮੁਕਾਬਲੇ ’ਚ ਭਾਗ ਲੈਣ ਵਾਲੇ ਅਤੇ ਪੁਜ਼ੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਜੱਜਾਂ ਦੀ ਭੂਮਿਕਾ ਅਸ਼ਮੀ ਗੁਪਤਾ, ਗੁਰਦੀਪ ਸਿੰਘ (ਦੋਵੇਂ ਲੈਕਚਰਾਰ) ਬਲਵਿੰਦਰ ਕੌਰ, ਅੰਜਨ ਅੰਜੂ ਤੇ ਵੀਨਾ ਰਾਣੀ ਨੇ ਨਿਭਾਉਂਦਿਆਂ ਮਿਡਲ ਸੈਕਸ਼ਨ ’ਚੋਂ ਨਵਜੋਤ ਕੌਰ ਨੂੰ ਪਹਿਲਾ, ਸਿਮਰਨਜੀਤ ਕੌਰ ਨੂੰ ਦੂਜਾ ਤੇ ਮੁਸਕਾਨਪ੍ਰੀਤ ਨੂੰ ਤੀਜਾ ਅਤੇ ਸੈਕੰਡਰੀ ਸੈਕਸ਼ਨ ’ਚੋਂ ਰਿਮਝਿਮ ਨੂੰ ਪਹਿਲਾ, ਹਰਪ੍ਰੀਤ ਕੌਰ ਨੂੰ ਦੂਜਾ ਤੇ ਸੁਖਵਿੰਦਰ ਸਿੰਘ ਨੂੰ ਤੀਜਾ ਸਥਾਨ ਦਿੱਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਪਰਮਿੰਦਰ ਕੁਮਾਰ ਲੌਂਗੋਵਾਲ, ਰਕੇਸ਼ ਕੁਮਾਰ ਲੈਕਚਰਾਰ, ਗੁਰਦੀਪ ਸਿੰਘ, ਰਜਿੰਦਰ ਸਿੰਘ ਸਤੌਜ, ਹਰਵਿੰਦਰ ਸਿੰਘ ਤੇ ਸਮੂਹ ਸਟਾਫ ਨੇ ਕੀਤੀ।


Shyna

Content Editor

Related News