ਪੰਜਾਬ ਸਰਕਾਰ ਖਿਲਾਫ਼ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਰਥੀ ਫੂਕ ਮੁਜ਼ਾਹਰਾ

01/15/2020 5:23:18 PM

ਸੰਗਰੂਰ (ਬੇਦੀ): ਇਥੇ ਲਾਲ-ਬੱਤੀ ਚੌਂਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਪੁਤਲਾ ਫੂਕ ਕੇ ਅਰਥੀ-ਫੂਕ ਮੁਜ਼ਾਹਰਾ ਕਰਕੇ ਰੋਸ ਜ਼ਾਹਰ ਕੀਤਾ ਅਤੇ ਪੰਜਾਬ ਕੈਬਨਿਟ ਵੱਲੋਂ ਸਿੱਖਿਆ ਵਿਭਾਗ 'ਚ 3182 ਅਸਾਮੀਆਂ ਭਰਨ ਸਬੰਧੀ ਫੈਸਲਾ ਟੈੱਟ ਪਾਸ ਬੇਰੁਜ਼ਗਾਰ ਈ.ਟੀ.ਟੀ. ਅਤੇ ਬੀ.ਐੱਡ. ਅਧਿਆਪਕ ਯੂਨੀਅਨਾਂ ਨੇ ਨਾ-ਮਨਜ਼ੂਰ ਕਰਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਟੈੱਟ ਪਾਸ ਈ.ਟੀ.ਟੀ. ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਅਤੇ ਸੂਬਾ ਕਮੇਟੀ ਮੈਂਬਰ ਦੀਪ ਬਨਾਰਸੀ ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਸੂਬਾ ਕਮੇਟੀ ਮੈਂਬਰ ਨਵਜੀਵਨ ਬਰਨਾਲਾ, ਜੱਗੀ ਜੋਧਪੁਰ, ਅਮਨ ਸੇਖ਼ਾ, ਜ਼ਿਲਾ ਪ੍ਰਧਾਨ ਕੁਲਵੰਤ ਲੌਗੋਵਾਲ ਨੇ ਕਿਹਾ ਕਿ ਈ.ਟੀ.ਟੀ. ਉਮੀਦਵਾਰਾਂ ਲਈ 500 ਅਤੇ ਬੀਐੱਡ ਲਈ 2182 ਅਸਾਮੀਆਂ ਦੀ ਪ੍ਰਵਾਨਗੀ ਬੇਰੁਜ਼ਗਾਰ ਅਧਿਆਪਕਾਂ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਪੰਜਾਬ ਵਿੱਚ ਕਰੀਬ 15 ਹਜ਼ਾਰ ਈਟੀਟੀ ਅਤੇ 50 ਹਜ਼ਾਰ ਬੀਐੱਡ ਟੈੱਟ ਪਾਸ ਉਮੀਦਵਾਰ ਹਨ ਅਤੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਅਸਾਮੀਆਂ ਖਾਲੀ ਹਨ।

ਇਸ ਕਰਕੇ ਨਿਗੁਣੀ ਭਰਤੀ ਦਾ ਮੰਤਵ ਮਹਿਜ਼ ਖਜ਼ਾਨਾ ਭਰਨਾ ਅਤੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਠੰਢਾ ਪਾਉਣਾ ਹੈ, ਪਰ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਮੰਗ ਕਰਦੇ ਹਨ ਕਿ ਅਸਾਮੀਆਂ ਦੀ ਗਿਣਤੀ 'ਚ ਵਾਧਾ ਕਰਦਿਆਂ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕੁੱਲ ਅਸਾਮੀਆਂ ਭਰਨ ਲਈ ਈ.ਟੀ.ਟੀ. ਦੀਆਂ 12 ਹਜ਼ਾਰ ਅਤੇ ਬੀ.ਐੱਡ ਦੀਆਂ 15 ਹਜ਼ਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟੈੱਟ ਪਾਸ ਕਰਨ ਦੇ ਬਾਵਜੂਦ ਹਜ਼ਾਰਾਂ ਉਮੀਦਵਾਰ ਨੌਕਰੀ ਉਡੀਕਦਿਆਂ ਭਰਤੀ ਲਈ ਨਿਰਧਾਰਿਤ ਉਮਰ-ਸੀਮਾ ਲੰਘਾ ਚੁੱਕੇ ਹਨ, ਇਸ ਕਰਕੇ ਭਰਤੀ ਲਈ ਉਮਰ-ਹੱਦ 37 ਤੋਂ 42 ਸਾਲ ਕੀਤੀ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰੋਸ-ਮੁਜ਼ਾਹਰੇ ਕੀਤੇ ਜਾਣਗੇ। ਇਸ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ ਅਤੇ ਪੰਜਾਬ ਸਟੂਡੈਂਟਸ ਵੈਲਫੇਅਰ ਐਸ਼ੋਸੀਏਸ਼ਨ ਦੇ ਕੁਲਵਿੰਦਰ ਨਦਾਮਪੁਰ ਨੇ ਵੀ ਸੰਬੋਧਨ ਕੀਤਾ।

Shyna

This news is Content Editor Shyna