ਜੇਕਰ ਪੰਜਾਬ ਸਰਕਾਰ ਨਜਾਇਜ਼ ਮਾਈਨਿੰਗ ਖ਼ਿਲਾਫ ਸ਼ਿਕੰਜਾ ਕੱਸ ਰਹੀ ਹੈ ਤਾਂ ਉਸਦਾ ਸਵਾਗਤ : ਖੰਨਾ

04/01/2022 5:27:32 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਭਾਜਪਾ ਦੀਆਂ ਲੋਕ ਹਿੱਤ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਲੋਕ ਭਾਜਪਾ ਨਾਲ ਜੁੜ ਰਹੇ ਹਨ। ਇਸੇ ਕੜੀ ਤਹਿਤ ਅੱਜ ਖੰਨਾ ਵੱਲੋਂ ਭਵਾਨੀਗੜ੍ਹ ਸ਼ਹਿਰ, ਘਰਾਚੋਂ, ਬਾਲੀਆਂ ਅਤੇ ਸੰਗਰੂਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਭਵਾਨੀਗੜ੍ਹ ਵਿਖੇ ਸਾਬਕਾ ਕੌਂਸਲਰ ਅਵਤਾਰ ਸਿੰਘ ਤੂਰ ਦੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੰਨਾ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਨਜਾਇਜ਼ ਮਾਈਨਿੰਗ ਦੇ ਕਾਰੋਬਾਰ ’ਤੇ ਸ਼ਿਕੰਜਾ ਕੱਸਣ ਦੇ ਦਿੱਤੇ ਬਿਆਨ ਦਾ ਉਹ ਸਵਾਗਤ ਕਰਦੇ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਸਰਕਾਰ ਆਪਣੇ ਇਸ ਬਿਆਨ ਉੱਤੇ ਕਾਇਮ ਰਹਿੰਦੇ ਹੋਏ ਨਜਾਇਜ਼ ਮਾਈਨਿੰਗ ਮਾਫੀਆ ਖ਼ਿਲਾਫ ਠੋਸ ਕਦਮ ਚੁੱਕੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਜਾਇਜ ਮਾਈਨਿੰਗ ਨੂੰ ਰੋਕਣ ਲਈ ਬਿਆਨ ਤਾਂ ਦੇ ਰਹੀ ਪ੍ਰੰਤੂ ਮਾਰਕੀਟ ਵਿਚ ਆਮ ਲੋਕਾਂ ਨੂੰ 40 ਰੁਪਏ ਫੁੱਟ ਰੇਤਾ ਖਰੀਦਣਾ ਪੈ ਰਿਹਾ ਹੈ ਕੀ ਇਹ ਕਾਲਾਬਾਜ਼ਰੀ ਨਹੀਂ ਹੈ? ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੀ ਇਹ ਨਜ਼ਰ ਨਹੀਂ ਆ ਰਿਹਾ ਕਿ ਮਾਰਕੀਟ ਵਿਚ ਰੇਤੇ ਦੇ ਭਾਅ ਅਸਮਾਨ ਛੂ ਰਹੇ ਹਨ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ। ਪੰਜਾਬ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਮਾਈਨਿੰਗ ਮਾਫੀਆ ’ਤੇ ਨਕੇਲ ਕੱਸਣ ਦੇ ਨਾਲ-ਨਾਲ ਰੇਤੇ ਦੇ ਵਧੇ ਭਾਅ ਨੂੰ ਵੀ ਕੰਟਰੋਲ ਕਰੇ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਖੰਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾੜੀ ਦੀ ਫਸਲ ਲਈ 24 ਹਜ਼ਾਰ 773 ਕਰੋੜ ਦੀ ਨਗਦ ਕਰਜ਼ਾ ਹੱਦ ਜਾਰੀ ਕਰਨ ਲਈ ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਅਨਾਜ ਦਾ ਇਕ-ਇਕ ਦਾਣਾ ਚੁੱਕਣ ਅਤੇ ਸਮੇਂ ਸਿਰ ਭੁਗਤਾਨ ਕਰਨ ਲਈ ਸੰਜੀਦਾ ਹੈ। ਇਸ ਮੌਕੇ ਪ੍ਰਸ਼ੋਤਮ ਕਾਂਸਲ, ਕ੍ਰਿਸ਼ਨ ਕੁਮਾਰ ਗੋਇਲ, ਦਿਲਪ੍ਰੀਤ ਸਿੰਘ ਰਾਮਪੁਰਾ, ਕੁਲਦੀਪ ਸਿੰਘ ਫੌਜੀ ਰੇਤਗੜ੍ਹ, ਨੀਟਾ ਤੂਰ ਭਵਾਨੀਗੜ, ਹਰੀ ਸਿੰਘ ਫੱਗੂਵਾਲਾ ਅਤੇ ਬਲਜਿੰਦਰ ਸਿੰਘ ਮੱਲੀ ਪੀਏ ਵੀ ਹਾਜ਼ਰ ਸਨ।

 


Gurminder Singh

Content Editor

Related News