ਮੁਫਤ ਬਿਜਲੀ ਐਲਾਨ ਨੂੰ ਲੈਕੇ ਜਨਰਲ ਵਰਗ ਨਾਲ ਕੀਤਾ ਜਾ ਰਿਹਾ ਪੱਖਪਾਤ, ਸੂਬਾ ਸਰਕਾਰ ਖ਼ਿਲਾਫ ਨਾਅਰੇਬਾਜ਼ੀ

04/18/2022 2:18:20 PM

ਤਪਾ ਮੰਡੀ (ਸ਼ਾਮ,ਗਰਗ) : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜੇਕਰ 2 ਮਹੀਨਿਆਂ ਦਾ ਬਿਜਲੀ ਬਿੱਲ 600 ਯੂਨਿਟ ਤੋਂ ਵੱਧ ਬਿਜਲੀ ਖਪਤ ਹੁੰਦੀ ਹੈ, ਉਸ ਦਾ ਪੂਰਾ ਬਿੱਲ ਵਸੂਲੇ ਜਾਣ ਦੇ ਐਲਾਨ ਤੋਂ ਜਨਰਲ ਵਰਗ ਦੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ, ਪ੍ਰਸ਼ੋਤਮ ਦਾਸ ਮੋੜ, ਅਸ਼ੋਕ ਮੋੜ ਨੇ ਭਗਵੰਤ ਮਾਨ ਦੀ ਸਰਕਾਰ ’ਤੇ ਪੱਖਪਾਤ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਨਰਲ ਕੈਟਾਗਿਰੀ ਨਾਲ 300 ਯੂਨਿਟ ਮੁਆਫ ਕਰਨ ਦੇ ਫ਼ੇਸਲੇ ਵਿਚ ਵੱਡਾ ਧੱਕਾ ਕੀਤਾ ਜਾ ਕਿਹਾ। ਉਨ੍ਹਾਂ ਕਿਹਾ ਕਿ ਜਨਰਲ ਕੈਟਾਗਿਰੀ ਵਿਚ ਵੀ ਇੱਕ ਬਹੁਤ ਵੱਡਾ ਤਬਕਾ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਕਾਂਗਰਸ ਦੀ ਚੰਨੀ ਸਰਕਾਰ ਦੀ ਤਰਜ਼ ’ਤੇ ਬਿਜਲੀ ਦੇ ਰੇਟ ਘਟਾਏ ਨਾ ਕਿ ਮੁਫਤ ਬਿਜਲੀ ਦੇਵੇ।

ਉਨ੍ਹਾਂ ਚਿਤਾਵਨੀ ਦਿੱਤੀ ਜੇ ਸੂਬਾ ਸਰਕਾਰ ਨੇ ਜਨਰਲ ਵਰਗ ਦੀ ਸਾਰ ਨਾ ਲਈ ਅਤੇ ਇਸ ਫ਼ੈਸਲੇ ਨੂੰ ਨਾ ਬਦਲਿਆਂ ਤਾਂ ਉਨ੍ਹਾਂ ਵੱਲੋਂ ਇਸ ਸੰਘਰਸ਼ ਨੂੰ ਨਾ ਸਿਰਫ ਸੂਬਾ ਪੱਧਰ ‘ਤੇ ਲਿਜਾਇਆ ਜਾਵੇਗਾ ਸਗੋਂ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਇਸ ਦਾ ਡੱਟਕੇ ਵਿਰੋਧ ਕੀਤਾ ਜਾਵੇਗਾ ਅਤੇ ਨਾਲ ਹੀ ਆਗਾਮੀ ਸੰਗਰੂਰ ਦੀ ਹੋ ਰਹੀ ਲੋਕ ਸਭਾ ਜ਼ਿਮਨੀ ਚੋਣ ’ਚ ਵੀ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸੂਬੇ ਦੇ ਸਾਰੇ ਜਨਰਲ ਵਰਗ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਇੱਕ ਪਲੇਟ ਫਾਰਮ ’ਤੇ ਇਕੱਠੇ ਹੋਕੇ ਇਸ ਦਾ ਡਟਵਾਂ ਵਿਰੋਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਨਰਲ ਵਰਗ ਦੋ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ 92 ਵਿਧਾਇਕ ਬਣਾਏ ਹਨ, ਤਪਾ ਸ਼ਹਿਰ ’ਚੋਂ ਆਪ ਉਮੀਦਵਾਰ ਨੂੰ 5500 ਤੋਂ ਵੱਧ ਵੋਟਾਂ ਦੀ ਲੀਡ ਪ੍ਰਾਪਤ ਹੋਈ ਹੈ। ਇਸ ਮੌਕੇ ਮੋਹਿਤ ਕੁਮਾਰ, ਮੱਖਣ ਲਾਲ ਸੁਨਾਮਿਆਂ, ਜੁਗਲ ਭਾਗਾਂ ਵਾਲਾ, ਵਿਕੇਕ ਸ਼ਰਮਾ, ਦਰਸ਼ਨ ਕੁਮਾਰ, ਰਾਮੂ ਆਲੂਆਂ ਵਾਲਾ ਆਦਿ ਨੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।


Gurminder Singh

Content Editor

Related News