ਕੰਮ ਤੋਂ ਕੱਢੇ ਅਧਿਆਪਕਾਂ ਦੇ ਮਾਮਲੇ ਨੇ ਫੜਿਆ ਤੂਲ, ਕਿਸਾਨਾਂ ਨੇ SDM ਨੂੰ ਕੀਤੀ ਦਫ਼ਤਰ ''ਚ ਬੰਦ

09/20/2022 11:59:47 AM

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਆਦਰਸ਼ ਸਕੂਲ ਕਾਲੇਕੇ ’ਚੋਂ ਕੱਢੇ ਗਏ ਅਧਿਆਪਕਾਂ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਤੇ ਸਕੂਲ ਮੈਨੇਜਮੈਂਟ ਆਹਮੋ-ਸਾਹਮਣੇ ਹੋ ਗਈਆਂ। ਜਿਥੇ ਕਿਸਾਨਾਂ ਨੇ ਅਧਿਆਪਕਾਂ ਨੂੰ ਕੱਢਣ ਦੇ ਮਾਮਲੇ ਦੇ ਰੋਸ ਵਜੋਂ ਐੱਸ. ਡੀ. ਐੱਮ. ਦਫ਼ਤਰ ਘੇਰ ਕੇ ਐੱਸ. ਡੀ. ਐੱਮ. ਬਰਨਾਲਾ ਨੂੰ ਉਨ੍ਹਾਂ ਦੇ ਦਫ਼ਤਰ ’ਚ ਹੀ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ- ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ 'ਤੇ ਲਾਠੀਚਾਰਜ, ਭਜਾ-ਭਜਾ ਕੁੱਟੇ ਅਧਿਆਪਕ

ਇਸ ਦੌਰਾਨ ਸਕੂਲ ਦੇ ਐਡਮਿਨ ਅਫ਼ਸਰ ਅਤੇ ਕੌਂਸਲਰ ਵੀ ਕਿਸਾਨਾਂ ਦੇ ਘੇਰੇ ’ਚ ਆ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਮੈਨੇਜਮੈਂਟ ਦੇ ਖ਼ਿਲਾਫ਼ ਸਾਡਾ ਸੰਘਰਸ਼ 21ਵੇਂ ਦਿਨ ’ਚ ਪੁੱਜ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਨ ਲਈ ਐੱਸ. ਡੀ. ਐੱਮ. ਬਰਨਾਲਾ, ਡੀ. ਐੱਸ. ਪੀ. ਬਰਨਾਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਅਤੇ ਵੈੱਲਫੇਅਰ ਅਫ਼ਸਰ ਬਰਨਾਲਾ ਦੀ ਇਕ ਕਮੇਟੀ ਬਣਾਈ ਗਈ ਸੀ ਪਰ ਇਸ ਮਾਮਲੇ ’ਚ ਹੁਣ ਤੱਕ ਪ੍ਰਸ਼ਾਸਨ ਨੇ ਕੋਈ ਫ਼ੈਸਲਾ ਨਹੀਂ ਲਿਆ। ਮੈਨੇਜਮੈਂਟ ਵੱਲੋਂ 26 ਅਧਿਆਪਕ ਅਤੇ 8 ਦਰਜਾ ਚਾਰ ਦੇ ਕਰਮਚਾਰੀ ਕੱਢ ਦਿੱਤੇ ਗਏ। ਜਦੋਂ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ। ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

 

ਬੱਚਿਆਂ ਦੀ ਪੜ੍ਹਾਈ ਦੇ ਹਿੱਤ ’ਚ ਲਿਆ ਫ਼ੈਸਲਾ

ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਨਵੇਂ ਅਧਿਆਪਕ ਰੱਖਣ ਲਈ ਜਦੋਂ ਅਖ਼ਬਾਰ ’ਚ ਇਸ਼ਤਿਹਾਰ ਦਿੱਤਾ ਗਿਆ ਤਾਂ ਉਸ ਵੇਲੇ ਵੀ ਮੈਨੇਜਮੈਂਟ ਨੇ ਇਨ੍ਹਾਂ ਅਧਿਆਪਕਾਂ ਨੂੰ ਡਿਊਟੀ ਜੁਆਇਨ ਕਰਨ ਲਈ ਕਿਹਾ ਪਰ ਇਹ ਨਹੀਂ ਮੰਨੇ ਅਤੇ ਜਦੋਂ ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣੇ ਸਨ ਤਾਂ ਉਸ ਵੇਲੇ ਵੀ ਮੈਨੇਜਮੈਂਟ ਨੇ ਅਧਿਆਪਕਾਂ ਨੂੰ ਡਿਊਟੀ ’ਤੇ ਆਉਣ ਲਈ ਕਿਹਾ ਪਰ ਜਦੋਂ ਅਧਿਆਪਕਾਂ ਨੇ ਆਪਣੀ ਹੜਤਾਲ ਵਾਪਸ ਨਾ ਲਈ ਤਾਂ ਮਜਬੂਰੀਵੱਸ ਸਾਨੂੰ ਨਵਾਂ ਸਟਾਫ ਰੱਖਣਾ ਪਿਆ। ਤਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਐਡਮਿਨ ਅਫ਼ਸਰ ਦਾ ਦਾਅਵਾ, ਧਰਨਾ ਕਰਦੇ ਅਧਿਆਪਕਾਂ ਨੂੰ ਕਈ ਵਾਰ ਡਿਊਟੀ ਜੁਆਇਨ ਕਰਨ ਦਾ ਕਿਹਾ ਗਿਆ

ਜਦੋਂ ਇਸ ਸਬੰਧੀ ਸਕੂਲ ਮੈਨੇਜਮੈਂਟ ਦੇ ਐਡਮਿਨ ਅਫਸਰ ਮਨਪ੍ਰੀਤ ਸਿੰਘ ਨੇ ਕਿਹਾ ਕਿ 22 ਜੁਲਾਈ ਨੂੰ ਅਧਿਆਪਕ ਹੜਤਾਲ ’ਤੇ ਚਲੇ ਗਏ ਸਨ। 25 ਜੁਲਾਈ ਨੂੰ ਪਿੰਡ ਦੇ ਸਰਪੰਚ ਦੀ ਮੌਜੂਦਗੀ ’ਚ ਸਮਝੌਤਾ ਹੋ ਗਿਆ ਸੀ। ਜਿਸ ਅਧੀਨ ਅਧਿਆਪਕਾਂ ਨੇ ਆਪਣੀ ਹੜਤਾਲ ਖ਼ਤਮ ਕਰ ਕੇ ਆਪਣੀ ਡਿਊਟੀ ਜੁਆਇਨ ਕਰਨੀ ਸੀ ਪਰ ਇਹ ਅਧਿਆਪਕ ਆਪਣੀ ਡਿਊਟੀ ’ਤੇ ਨਹੀਂ ਆਏ। ਬੱਚਿਆਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ। ਬੱਚਿਆਂ ਦੇ ਮਾਪਿਆਂ ਵੱਲੋਂ ਇਸ ਸਬੰਧੀ ਵਾਰ-ਵਾਰ ਸਾਨੂੰ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਇਸ ਸਬੰਧੀ ਬੱਚਿਆਂ ਦੇ ਮਾਪੇ ਸਕੂਲ ’ਚ ਆ ਕੇ ਮੈਨੇਜਮੈਂਟ ਨੂੰ ਵੀ ਮਿਲੇ ਸਨ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਮੈਨੇਜਮੈਂਟ ਨੇ ਹੜਤਾਲ ’ਤੇ ਬੈਠੇ ਅਧਿਆਪਕਾਂ ਨੂੰ ਆਪਣੀ ਡਿਊਟੀ ਜੁਆਇਨ ਕਰਨ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਆਖਿਆ ਪਰ ਅਧਿਆਪਕਾਂ ਨੇ ਗੱਲ ਨਹੀਂ ਮੰਨੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

 


Simran Bhutto

Content Editor

Related News