ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹਲਕੇ ਦੇ ਇੱਕ ਦਰਜਨ ਪਿੰਡਾਂ ਵਿਚ ਨੌਜਵਾਨਾਂ ਵਲੋਂ ਸਾਂਤਮਈ ਮਾਰਚ

01/29/2021 4:00:07 PM

ਦਿੜਬਾ ਮੰਡੀ (ਅਜੈ ): ਪਿਛਲੇ ਤਕਰੀਬਨ ਛੇ ਮਹੀਨੇ ਤੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਦੇਸ਼ ਦੇ ਕਿਸਾਨਾਂ ਨੂੰ ਕੱਲ੍ਹ ਇੱਕ ਵਾਰ ਫਿਰ ਕੇਂਦਰ ਸਰਕਾਰ ਦੀ ਸ਼ਹਿ ਤੇ ਦਿੱਲੀ ਦੇ ਬਾਰਡਰ ਤੋਂ ਖਦੇੜਨ ਦੀ ਨਾਪਾਕ ਕੋਸ਼ਿਸ਼ ਤੋਂ ਖਫਾ ਹੋਏ ਨੌਜਵਾਨਾ ਨੇ ਅੱਜ ਸਯੁੰਕਤ ਮੋਰਚਾ ਦਿੱਲੀ ਦੀ ਅਗਵਾਈ ਵਿੱਚ ਵੱਖ-ਵੱਖ ਕਿਸਾਨ ਯੂਨੀਅਨ ਦੇ ਝੰਡੇ ਹੇਠ ਪਿੰਡਾਂ 'ਚ ਜਾਗਰੂਕ ਮਾਰਚ ਸ਼ਾਂਤਮਈ ਢੰਗ ਨਾਲ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਲਈ ਕਾਰਪੋਰੇਟ ਸੈਕਟਰ ਦੀ ਪਿੱਠ ਥਾਪੜੀ ਹੋਈ ਹੈ।

ਪਿਛਲੇ ਦਿਨੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਕਰਨ ਵਾਲੇ ਕਿਸਾਨਾਂ ਦੀ ਥਾਂ ਇਕ ਪਾਸੇ ਮੋਦੀ ਸਰਕਾਰ ਨੇ ਆਪਣੇ ਲੋਕਾਂ ਦੀ ਘੁਸਪੈਠ ਕਰਾ ਕੇ ਇਸ ਕਿਸਾਨ ਪਰੇਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਸਾਡੇ ਆਗੂਆਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਹਨ। ਦੇਸ਼ ਵਿਦੇਸ਼ ਦੇ ਲੋਕਾਂ ਅੰਦਰ ਕਿਸਾਨੀ ਸੰਘਰਸ਼ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਹੈ। ਪਰ ਅਜਿਹਾ ਕੁਝ ਵੀ ਨਹੀਂ ਹੈ। ਕਿਸਾਨ ਅੰਦੋਲਨ ਅੱਜ ਵੀ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਲੋਕ ਕਿਸੇ ਵੀ ਤਰਾਂ ਦੇ ਝੂਠੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਕਿ ਜਿੰਨਾਂ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਡਟੇ ਰਹਾਂਗੇ। ਉਹਨਾਂ ਲੋਕਾਂ ਨੂੰ ਦਿੱਲੀ ਜਾਣ ਦੀ ਅਪੀਲ ਕੀਤੀ। ਇਸ ਮੌਕੇ ਨੌਜਵਾਨ ਕਿਸਾਨ ਆਗੂ ਗੁਰਪਿਆਰ ਸਿੰਘ ਚੱਠਾ ਅਤੇ ਸਰਪੰਚ ਪ੍ਰੀਤਮ ਸਿੰਘ ਪੀਤੂ ਛਾਹੜ ਨੇ ਦੱਸਿਆ ਕਿਸਾਨ ਮੋਰਚਾ ਚੜਦੀਕਲਾਂ ਵਿੱਚ ਚੱਲ ਰਿਹਾ ਹੈ। ਮੋਦੀ ਸਰਕਾਰ ਤੇ ਉਹਨਾਂ ਦਾ ਮੀਡੀਆ ਇਸ ਬਾਰੇ ਗਲਤ ਪ੍ਰਚਾਰ ਕਰ ਰਿਹਾ ਹੈ।

ਸਾਡੀ ਅੱਜ ਦੀ ਰੈਲੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੀ। ਇਹ ਰੈਲੀ ਹਲਕੇ ਦੇ ਤਕਰੀਬਨ ਦਰਜਨ ਕੁ ਪਿੰਡਾਂ ਵਿੱਚ ਕੀਤੀ ਗਈ ਹੈ। ਕਿਉਂਕ ਵੱਧ ਤੋਂ ਵੱਧ ਲੋਕ ਹੁਣ ਦਿੱਲੀ ਜਾਣ ਤਾਂ ਕਿ ਹਕੂਮਤ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇ। ਉਹਨਾਂ ਦੱਸਿਆ ਕਿ ਇਹ ਬਿੱਲ ਹਰ ਵਰਗ ਲਈ ਘਾਤਕ ਹਨ। ਜੇਕਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਕਿਰਤੀ ਵਰਗ ਬਰਬਾਦ ਹੋ ਜਾਵੇਗਾ। ਅੱਜ ਦੀ ਜਾਗਰੂਕ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਾਰਾਂ, ਟਰੈਕਟਰ ਅਤੇ ਹੋਰਨਾਂ ਸਾਧਨਾ ਤੇ ਲੋਕ ਪਹੁੰਚੇ ਹੋਏ ਸਨ। ਇਸ ਮੌਕੇ ਰਣਜੀਤ ਸਿੰਘ ਚੱਠਾ ਕਲੱਬ ਪ੍ਰਧਾਨ, ਡਾ ਅੰਮ੍ਰਿਤਪਾਲ ਸਿੰਘ, ਜਗਤਾਰ ਸਿੰਘ, ਮਨਜਿੰਦਰ ਸਿੰਘ ਬਿੱਟਾ ਛਾਹੜ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਨੌਜਵਾਨ ਹਾਜ਼ਰ ਸਨ। 


Shyna

Content Editor

Related News