ਪੰਜਾਬ ਦੇ ਮੌਜੂਦਾ ਹਾਲਾਤ ''ਤੇ ਬੋਲੇ ਰੁਲਦੂ ਸਿੰਘ ਮਾਨਸਾ, ਗੋਇੰਦਵਾਲ ਜੇਲ੍ਹ ਗੈਂਗਵਾਰ ਤੇ ਅਜਨਾਲਾ ਹਿੰਸਾ ''ਤੇ ਆਖੀਆਂ ਇਹ ਗੱਲਾਂ

03/09/2023 12:03:25 PM

ਬਰਨਾਲਾ : ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਅੱਜ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਹੀ ਮੰਦੇ ਹਾਲ 'ਚ ਹੈ। ਪੰਜਾਬ ਪੜ੍ਹਾਈ, ਰੋਜ਼ਗਾਰ ਅਤੇ ਸਿਹਤ ਖੇਤਰ ਦੇ ਵਿੱਚ ਵੀ ਪੱਛੜ ਗਿਆ ਹੈ, ਇਸ ਲਈ ਸਰਕਾਰ ਨੂੰ ਇਨ੍ਹਾਂ ਸਭ ਸਮੱਸਿਆਵਾਂ ਦਾ ਉਪਰਾਲਾ ਕਰਨਾ ਚਾਹੀਦਾ ਹੈ। ਸਿਰਫ਼ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੀ ਨਹੀਂ ਸਗੋਂ ਕੇਂਦਰ ਸਰਕਾਰ ਦੀ ਮਦਦ ਨਾਲ ਹੀ ਪੰਜਾਬ ਦੇ ਹਾਲਾਤ ਠੀਕ ਹੋ ਸਕਣਗੇ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਲਦ ਹੀ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਕਿਉਂਕਿ ਮੂਸੇਵਾਲਾ ਦੇ ਮਾਪੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਰਕਾਰ ਨੂੰ ਉਨ੍ਹਾਂ ਦੀ ਹਰ ਮੰਗ ਮੰਨਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਨਾ ਅਪਣਾਉਣਾ ਪਵੇ। ਉਨ੍ਹਾਂ ਆਖਿਆ ਕਿ ਜਿਨ੍ਹਾਂ ਮਾਪਿਆਂ ਦਾ ਨੌਜਵਾਨ ਪੁੱਤ ਚਲਾ ਗਿਆ, ਉਨ੍ਹਾਂ ਨੂੰ ਤਾਂ ਦੁੱਖ ਹੁੰਦਾ ਹੀ ਹੈ। ਸਿੱਧੂ ਦੀ ਮੌਤ ਨਾਲ ਸਿਰਫ਼ ਮਾਪਿਆਂ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਸਾਡੇ ਸਾਰੇ ਇਲਾਕੇ ਨੂੰ ਇਸ ਦਾ ਘਾਟਾ ਪਿਆ ਹੈ। ਇਸ ਲਈ ਸਰਕਾਰ ਜਲਦ ਹੀ ਮੂਸੇਵਾਲਾ ਦੇ ਮਾਪਿਆਂ ਦੀਆਂ ਮੰਗਾਂ ਮਨੇ। 

ਇਹ ਵੀ ਪੜ੍ਹੋ- ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਅਮਨਾ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਕੀਤਾ ਵੱਡਾ ਕਾਂਡ

ਕਿਸਾਨ ਆਗੂ ਨੇ ਗੋਇੰਦਵਾਲ ਜੇਲ੍ਹ ਵਿਖੇ ਹੋਈ ਗੈਂਗਵਾਰ ਦੀ ਗੱਲ ਕਰਦਿਆਂ ਸਰਕਾਰ ਦੀ ਨਿਖੇਧੀ ਕੀਤੀ ਹੈ ਤੇ ਇਹ ਘਟਨਾ ਨਿੰਦਣਯੋਗ ਹੈ। ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇਕਰ ਵੱਖ-ਵੱਖ ਪਾਰਟੀਆਂ ਦੇ ਗੈਂਗਸਟਰ ਇਕ ਜੇਲ 'ਚ ਹਨ ਤਾਂ ਇਕ ਨੂੰ ਵੱਖ ਕਰ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਇਕ ਜੇਲ੍ਹ 'ਚ ਨਾ ਰੱਖਿਆ ਜਾਵੇ। ਰੁਲਦੂ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਦੀ ਇਕ ਸਾਲ ਦੀ ਕਾਰਜ਼ੁਗਾਰੀ 'ਤੇ ਗੱਲ ਕਰਦਿਆਂ ਸਰਕਾਰ ਵੱਲ਼ੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਗ੍ਰਿਫ਼ਤਾਰ ਕੀਤੇ ਮੰਤਰੀਆਂ ਅਤੇ ਆਗੂਆਂ ਵਾਲੇ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਕੀ ਜੋ ਕੰਮ ਪੰਜਾਬ ਦੇ ਭਲੇ ਲਈ ਠੀਕ ਹੈ, ਉਸ ਨੂੰ ਵੀ ਸਰਕਾਰ ਨੂੰ ਜਲਦ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਲਗਾਈਆਂ ਸਨ ਕਿਉਂਕਿ 70 ਸਾਲ ਤੋਂ ਲੋਕ ਅਕਾਲੀ ਅਤੇ ਕਾਂਗਰਸ ਤੋਂ ਅੱਕੇ ਹੋਏ ਸਨ। ਇਸ ਲਈ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਦਿਨ-ਰਾਤ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜੋ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤੀ ਸੀ, ਉਹ ਵੀ ਪੂਰਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਪੁਲਸ ਮੁਲਾਜ਼ਮਾਂ ਦੀ ਗੁੰਡਾਗਰਦੀ, ਤੇਲ ਪਵਾਉਣ ’ਤੇ ਨਹੀਂ ਉੱਠੀ ਸੂਈ ਤਾਂ ਕੀਤੀ ਕੁੱਟਮਾਰ, ਦੇਖੋ ਵੀਡੀਓ

ਅਜਨਾਲਾ ਹਿੰਸਾ 'ਤੇ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਜਾਣਾ ਜਥੇਬੰਦੀ ਦਾ ਦਾਅ-ਪੇਚ ਸੀ ਤਾਂ ਜੋ ਪੁਲਸ ਜਾਂ ਸਰਕਾਰ ਉਨ੍ਹਾਂ 'ਤੇ ਕੋਈ ਹਮਲਾ ਨਾ ਕਰ ਦੇਵੇ। ਉਨ੍ਹਾਂ ਕਿਹਾ ਕਿ ਲੜਾਈ ਦੇ ਆਪਣੇ ਦਾਅ-ਪੇਚ ਹੁੰਦੇ ਹਨ ਤੇ ਅੰਮ੍ਰਿਤਪਾਲ ਸਿੰਘ ਆਪਣੇ ਤਜ਼ਰਬੇ ਦੀ ਲੜਾਈ ਲ਼ੜ ਰਿਹਾ ਹੈ ਪਰ ਸਾਡੇ ਗੁਰੂਆਂ ਨੇ ਸਾਨੂੰ ਸ਼ਾਂਤੀਮਈ ਢੰਗ ਨਾਲ ਲੜਾਈ ਲੜਣ ਦੀ ਸਿੱਖਿਆ ਦਿੱਤੀ ਹੈ। ਇਸ ਲਈ ਸ਼ਾਂਤ ਰਹਿ ਕੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਦੇ ਨਾਂ 'ਤੇ ਨੌਜਵਾਨ ਪੀੜ੍ਹੀ ਅੰਮ੍ਰਿਤਪਾਲ ਦੇ ਕਹੇ ਰਾਹ 'ਤੇ ਚੱਲ ਰਹੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਮੰਗਾਂ ਨੂੰ ਪੂਰਾ ਕਰਨ ਲਈ ਵੱਡਾ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto