ਦੁਬਈ ਭੇਜਣ ਦਾ ਝਾਂਸਾ ਕੇ 11 ਲੱਖ ਦੀ ਠੱਗੀ ਮਾਰਨ ਵਾਲੇ ਕਬੂਤਰਬਾਜ਼ ਵਿਰੁੱਧ ਮਾਮਲਾ ਦਰਜ

04/09/2021 6:02:01 PM

ਭਵਾਨੀਗੜ੍ਹ (ਕਾਂਸਲ): ਇਕ ਕਬੂਤਰਬਾਜ਼ ਵੱਲੋਂ 2 ਨੌਜਵਾਨਾਂ ਨੂੰ ਦੁਬਈ ਭੇਜਣ ਦਾ ਝਾਂਸਾ ਦੇ ਕੇ ਦੋ ਪਰਿਵਾਰ ਨਾਲ ਕਥਿਤ ਤੌਰ ’ਤੇ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਵੱਲੋਂ ਕਬੂਤਰਬਾਜ਼ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੂੰ ਗੁਰਜੰਟ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਲਖ਼ੇਵਾਲ ਅਤੇ ਉਸ ਦੇ ਸਾਢੂ ਧਿਆਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸਕੌਹਾ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜਤਿੰਦਰਪਾਲ ਸਿੰਘ ਟਿੰਕਾ ਵਾਸੀ ਪਿੰਡ ਜਰਗ ਲੁਧਿਆਣਾ ਜੋ ਕਿ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ, ਨੇ ਸਾਡੇ ਮੁੰਡਿਆਂ ਗੁਰਵੀਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਦੁਬਈ ਭੇਜਣ, ਉਥੇ ਉਨ੍ਹਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਬਣਾ ਕੇ ਦੇਣ ਬਦਲੇ ਕਥਿਤ ਤੌਰ ’ਤੇ ਸਾਡੇ ਤੋਂ 11 ਲੱਖ ਰੁਪਏ ਲੈ ਕੇ ਉਕਤ ਦੋਵੇਂ ਨੌਜਵਾਨਾਂ ਨੂੰ ਦੁਬਈ ਬੁਲਾ ਕੇ ਦੁਬਈ ’ਚ ਫਸਾ ਦਿੱਤਾ, ਉਕਤ ਵੱਲੋਂ ਨਾ ਹੀ ਸਾਡੇ ਮੁੰਡਿਆਂ ਦੇ ਡਰਾਈਵਿੰਗ ਲਾਇਸੈਂਸ ਬਣਵਾਏ ਅਤੇ ਨਾ ਹੀ ਇਨ੍ਹਾਂ ਦੀ ਰਿਹਾਇਸ਼ ਦਾ ਕੋਈ ਪ੍ਰਬੰਧ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਪਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਜਤਿੰਦਰਪਾਲ ਸਿੰਘ ਟਿੰਕਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News