ਨਸ਼ੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, 3 ਪੀੜ੍ਹੀਆਂ ਨੂੰ ਕਰ ਦਿੱਤਾ ਬਰਬਾਦ

03/29/2022 4:30:40 PM

ਬਰਨਾਲਾ - ਬਰਨਾਲਾ ਦੇ ਕਈ ਪਰਿਵਾਰ ਨਸ਼ੇ ਦੇ ਜਾਲ ’ਚ ਲੰਬੇ ਸਮੇਂ ਤੋਂ ਫਸੇ ਹੋਏ ਹਨ। ਆਲਮ ਇਹ ਹੈ ਕਿ ਨਸ਼ੇ ਨੇ ਕਈ ਪਰਿਵਾਰਾਂ ਨੂੰ ਕੱਖੋਂ ਹੌਲਿਆਂ ਵੀ ਕਰ ਦਿੱਤਾ ਹੈ। ਨਸ਼ੇ ਦੀ ਦਲ-ਦਲ ’ਚ ਫਸੇ ਇਕ ਪਰਿਵਾਰ ਮੁਤਾਬਕ ਨਸ਼ੇ ਦੇ ਜਾਲ ’ਚੋਂ ਨਿਕਲਣਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਅਜਿਹਾ ਹੀ ਇਕ ਮਾਮਲਾ ਦਾਨਗੜ੍ਹ ਪਿੰਡ ਦੇ 26 ਸਾਲ ਦੇ ਜੋਗਾ ਸਿੰਘ ਦਾ ਸਾਹਮਣੇ ਆਇਆ ਹੈ। ਉਹ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਤੋਂ ਹੈ, ਜੋ ਕਿ ਨਸ਼ੇ ਦੀ ਆਦੀ ਹੈ ਅਤੇ ਜੇਕਰ ਉਹ ਨਸ਼ਾ ਛੱਡਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋਗਾ ਸਿੰਘ ਦੇ 55 ਸਾਲਾ ਪਿਤਾ ਨੇ ਕਿਹਾ ਕਿ ਮੇਰੇ ਪਿਤਾ ਜੋ ਕਿ 80 ਸਾਲ ਦੇ ਸਨ ਉਹ ਸ਼ਰਾਬ ਦੇ ਆਦੀ ਸਨ ਅਤੇ ਉਹ ਸਾਰੀ ਆਮਦਨ ਵੀ ਨਸ਼ੇ ’ਚ ਹੀ ਉਜਾੜ ਦਿੰਦੇ ਸਨ। ਉਕਤ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਮੈਂ ਭੁੱਕੀ ਖਾਣੀ ਸ਼ੁਰੂ ਕਰ ਦਿੱਤੀ ਤੇ ਮੈਂ ਹੁਣ ਇਸ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਬਹੁਤ ਤੰਗੀ ਹੋ ਰਹੀ ਹੈ। ਮੈਂ ਅਤੇ ਮੇਰੇ ਪੁੱਤਰ ਨੇ ਨਸ਼ੇ ਦੀ ਆਦਤ ਨੂੰ ਖਤ਼ਮ ਕਰਨ ਲਈ ਦਵਾਈਆਂ ਦਾ ਸਹਾਰਾ ਲੈਣਾ ਵੀ ਸ਼ੁਰੂ ਕਰ ਦਿੱਤਾ ਪਰ ਜਿਸ ਦਿਨ ਅਸੀਂ ਦਵਾਈ ਨਹੀਂ ਖਾਂਦੇ ਸਾਡਾ ਸਰੀਰ ਦਰਦ ਕਰਦਾ ਹੈ ਜਿਸ ਕਾਰਨ ਸਾਨੂੰ ਬਹੁਤ ਤਕਲੀਫ ਹੁੰਦੀ ਹੈ। ਹੁਣ ਅਸੀਂ ਨਸ਼ਾ ਛੁਡਾਉਣ ਵਾਲੀਆਂ ਦਵਾਈਆਂ ਦੇ ਆਦੀ ਹੋ ਚੁੱਕੇ ਹਾਂ ।

ਇਸ ਪਰਿਵਾਰ ਕੋਲ ਨਾ ਤਾਂ ਜ਼ਮੀਨ ਹੈ, ਘਰ ਵਿਚ ਸਿਰਫ 2 ਕਮਰੇ ਹਨ ਤੇ ਘਰ ਵਿਚ ਰਸੋਈ ਵੀ ਨਹੀਂ ਹੈ। ਜੋਗਾ ਸਿੰਘ ਦੇ ਪਿਤਾ ਜੋ ਕਿ ਕਿੱਤੇ ਵਜੋਂ ਮਜ਼ਦੂਰ ਹਨ, ਦੇ ਸਿਰ ’ਤੇ ਹੀ ਘਰ ਦਾ ਖਰਚ ਚੱਲਦਾ ਹੈ। ਜੋਗਾ ਸਿੰਘ ਨੇ ਕਿਹਾ ਕਿ ਮੈਂ ਬੀ.ਐੱਡ. ਕੀਤੀ ਹੈ ਤੇ ਕੰਮ ਕਰਨਾ ਚਾਹੁੰਦਾ ਹਾਂ। ਮੈਂ 2016 ਵਿਚ ਮੈਡੀਕਲ ਨਸ਼ੇ ਦੇ ਜਾਲ’ਚ ਫਸ ਗਿਆ ਸੀ ਜਦੋਂ ਇਕ ਵਿਅਕਤੀ ਨੇ ਕਿਹਾ ਕਿ ਇਹ ਟੈਨਸ਼ਨ ਦੂਰ ਕਰਨ ਦੀ ਦਵਾਈ ਹੈ ਤੇ ਇਸਦੇ ਨਾਲ ਹੀ ਉਸਨੇ ਮੈਨੂੰ ਇਹ ਦਵਾਈ ਖਾਣ ਦੀ ਸਲਾਹ ਵੀ ਦਿੱਤੀ ਸੀ। ਜੋਗਾ ਨੇ ਕਿਹਾ ਇਸ ਤੋਂ ਬਾਅਦ ਮੈਂ ਕਈ ਦਵਾਈਆਂ ਦਾ ਸਹਾਰਾ ਲਿਆ ਤਾਂ ਜੋ ਮੈਂ ਇਸ ਜਾਲ ’ਚੋਂ ਬਾਹਰ ਆ ਸਕਾਂ ਪਰ ਮੈਂ ਇਸ ’ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਮੈਨੂੰ ਸਹੀ ਮੈਡੀਕਲ ਸਹੂਲਤ ਨਹੀਂ ਮਿਲ ਸਕੀਆਂ। ਜੋਗਾ ਦੀ ਮਾਤਾ ਤੇ ਭੈਣ ਦੋਵੇਂ ਹੀ ਸਰੀਰਕ ਤੌਰ ’ਤੇ ਠੀਕ ਨਹੀਂ ਹਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਲਾਜ ਦੀ ਸਖ਼ਤ ਜ਼ਰੂਰਤ ਹੈ।

ਡਾ. ਪਰਵਿੰਦਰ ਕੌਰ ਜੋ ਕਿ ਪ੍ਰਾਈਵੇਟ ਪ੍ਰੈਕਟੀਸ਼ਨਰ ਹਨ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਮੈਂ ਜੋਗਾ ਸਿੰਘ ਦਾ ਇਲਾਜ ਕਰਨਾ ਸ਼ੁਰੂ ਕੀਤਾ ਹੈ ਅਤੇ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਹੈ। ਮੈਂ ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਦੇਖੇ ਹਨ ਜਿਸ ਵਿਚ ਨਸ਼ੇ ਦੇ ਆਦੀ ਲੋਕ ਸਰਕਾਰੀ ਹਸਪਤਾਲਾਂ ਵਲੋਂ ਦਿੱਤੀ ਜਾ ਰਹੀਂ ਦਵਾਈ ਕਾਰਨ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ  ਬਾਰੀਕੀ ਨਾਲ ਦੇਖਣਾ ਚਾਹੀਦਾ ਹੈ ਤੇ ਇਸ ’ਤੇ ਠੱਲ੍ਹ ਪਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

ਧਨੌਲਾ ਤੋਂ ਉੱਚ ਪੱਧਰੀ ਮੈਡੀਕਲ ਅਧਿਕਾਰੀ ਡਾ. ਸਤਵੰਤ ਔਜਲਾ ਨੇ ਮਰੀਜ਼ਾਂ ਨੂੰ ਬੇਨਤੀ ਕੀਤੀ ਕਿ ਡਾਕਟਰਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨ । ਬਹੁਤ ਸਾਰੇ ਲੋਕਾਂ ਨੇ ਬੜੀ ਆਸਾਨੀ ਨਾਲ ਨਸ਼ਾ ਛੱਡ ਦਿੱਤਾ ਹੈ ਅਤੇ ਜੇ ਕਿਸੇ ਨੂੰ ਕੋਈ ਤਕਲੀਫ਼ ਆਉਂਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਬਰਨਾਲੇ ਦੇ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਕਿਹਾ ਕਿ ਉਹ ਜੋਗਾ ਸਿੰਘ ਤੇ ਉਸਦੇ ਪਿਤਾ ਦੀ ਮੈਡੀਕਲ ਜਾਂਚ ਲਈ ਇਕ ਟੀਮ ਭੇਜਣਗੇ । ਉਨ੍ਹਾਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਉਨ੍ਹਾਂ ਨੂੰ ਆਪਣੇ ਨਸ਼ਾ ਛੁਡਾਊ ਕੇਂਦਰ ’ਚ ਵੀ ਭਰਤੀ ਕਰਾਂਗੇ ਪਰ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।


Gurminder Singh

Content Editor

Related News