ਬਰਨਾਲਾ ਦਾ ਸਿਵਲ ਹਸਪਤਾਲ ਬਣਿਆ ਜੰਗ ਦਾ ਮੈਦਾਨ, ਦੋ ਧਿਰਾਂ ''ਚ ਹੋਈ ਝੜਪ ਦੌਰਾਨ ਚੱਲੇ ਇੱਟਾਂ-ਰੋੜੇ

09/16/2022 11:16:14 AM

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਸਿਵਲ ਹਸਪਤਾਲ ਬਰਨਾਲਾ ਵਿਖੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪੱਤੀ ਰੋਡ ’ਤੇ ਝੁੱਗੀ ਝੌਂਪੜੀ ’ਚ ਰਹਿਣ ਵਾਲੀਆਂ ਦੋ ਧਿਰਾਂ ਆਪਸ ’ਚ ਭਿੜ ਗਈਆਂ। ਦੋਵਾਂ ਧਿਰਾਂ ਵਿਚਕਾਰ ਪੱਥਰ ਰੋੜੇ ਚੱਲੇ। ਐਂਬੂਲੈਂਸ ਚਾਲਕਾਂ ਨੇ ਬੜੀ ਤੇਜ਼ੀ ਨਾਲ ਆਪਣੀਆਂ ਐਂਬੂਲੈਂਸਾਂ ਪਾਸੇ ਕੀਤੀਆਂ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਬੱਸ ਸਟੈਂਡ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਆਪਸ ’ਚ ਭਿੜ ਰਹੀਆਂ ਦੋਵੇਂ ਧਿਰਾਂ ’ਤੇ ਹਲਕਾ ਲਾਠੀਚਾਰਜ ਕਰ ਕੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ।

ਪੱਤੀ ਰੋੜ ’ਤੇ ਦੋ ਧਿਰਾਂ ’ਚ ਹੋਈ ਸੀ ਲੜਾਈ

ਜਾਣਕਾਰੀ ਦਿੰਦਿਆਂ ਝੁੱਗੀ ਝੌਂਪੜੀ ’ਚ ਰਹਿਣ ਵਾਲੇ ਸੰਜੈ, ਨਸੀਬ ਅਤੇ ਅੰਜਲੀ ਨੇ ਦੱਸਿਆ ਕਿ ਕੱਲ੍ਹ ਸਾਡੀ ਦੋ ਧਿਰਾਂ ’ਚ ਲੜਾਈ ਹੋਈ ਸੀ। ਜਿਸ ਕਾਰਨ ਸਾਡੇ ਕਈ ਵਿਅਕਤੀ ਜ਼ਖ਼ਮੀ ਹੋ ਗਏ, ਜੋ ਕਿ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਹਨ। ਜ਼ਿਕਰਯੋਗ ਹੈ ਕਿ ਦੂਜੀ ਧਿਰ ਦੇ ਕੁਝ ਵਿਅਕਤੀ ਵੀ ਹਸਪਤਾਲ ’ਚ ਦਾਖਲ ਸਨ। ਦੋਵਾਂ ਧਿਰਾਂ ਦੇ ਲੋਕ ਇੱਥੇ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਸਿਵਲ ਹਸਪਤਾਲ ਨੂੰ ਹੀ ਜੰਗ ਦਾ ਮੈਦਾਨ ਬਣਾ ਲਿਆ ਅਤੇ ਦੋਵੇਂ ਧਿਰਾਂ ਹਸਪਤਾਲ ’ਚ ਭਿੜ ਗਈਆਂ। ਇਸ ਤੋਂ ਇਲਾਵਾ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਮਾਹੌਲ ਨੂੰ ਕਿਸੇ ਵੀ ਕੀਮਤ ’ਤੇ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮਾਮਲੇ ’ਚ ਪੂਰੀ ਸਖਤੀ ਨਾਲ ਕੰਮ ਲਿਆ ਜਾਵੇਗਾ। ਦੋਵੇਂ ਧਿਰਾਂ ਦੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto