ਬਰਨਾਲਾ : ਤਾਲਾਬੰਦੀ ਦਾ ਲਾਹਾ ਲੈਣ ਲਈ ਉਤਾਵਲੇ ਚੋਰ, ਸਵਾਲਾਂ ਦੇ ਘੇਰੇ ''ਚ ਪੁਲਸ ਪ੍ਰਸ਼ਾਸਨ

04/29/2021 3:44:30 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਲਾਕਡਾਊਨ ਕਾਰਨ ਜਿੱਥੇ ਦੁਕਾਨਾਂ ਸ਼ਾਮੀਂ ਪੰਜ ਵਜੇ ਬੰਦ ਹੋ ਜਾਂਦੀਆਂ ਹਨ, ਉੱਥੇ ਹੀ ਚੋਰ ਸਾਰੀ ਰਾਤ ਆਪਣਾ ਕੰਮ ਕਰਦੇ ਰਹਿੰਦੇ ਹਨ। ਥਾਣਾ ਕੋਤਵਾਲੀ ਤੋਂ ਸਿਰਫ਼ 100 ਗਜ਼ ਦੀ ਦੂਰੀ ਤੇ ਹੀ ਬੀਤੀ ਰਾਤ ਇੱਕ ਚੋਰ ਇਕ ਦੁਕਾਨ ਵਿਚ ਦਾਖਲ ਹੋ ਗਿਆ ਪਰ ਇਸ ਦੀ ਭਿਣਕ ਇੱਕ ਗੁਆਂਢੀ ਨੂੰ ਲੱਗਣ ਕਾਰਨ ਭਾਵੇਂ ਚੋਰ ਆਪਣੇ ਕੰਮ ਨੂੰ ਅੰਜਾਮ ਦੇਣ ਵਿਚ ਤਾਂ ਸਫਲ ਨਹੀਂ ਹੋ ਸਕਿਆ ਪਰ ਉਸ ਨੇ ਥਾਣਾ ਕੋਤਵਾਲੀ ਦੇ ਬਿਲਕੁਲ ਨੇੜੇ ਮੇਨ ਸਦਰ ਬਾਜ਼ਾਰ ਦੀ ਦੁਕਾਨ ਵਿਚ ਦਾਖਲ ਹੋ ਕੇ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਵੀ ਸਵਾਲੀਆ ਚਿੰਨ੍ਹ ਜ਼ਰੂਰ ਲਾ ਦਿੱਤਾ ਹੈ। 
    
ਪ੍ਰਾਪਤ ਵੇਰਵਿਆਂ ਅਨੁਸਾਰ ਜਿਵੇਂ ਹੀ ਚੋਰ ਸਦਰ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਦਾਖ਼ਲ ਹੋਇਆ ਤਾਂ ਉਸ ਦੀ ਭਿਣਕ ਇਕ ਗੁਆਂਢੀ ਨੂੰ ਲੱਗ ਗਈ। ਉਸ ਨੇ ਫੋਨ ਕਰਕੇ ਆਸੇ ਪਾਸੇ ਦੇ ਦੁਕਾਨਦਾਰਾਂ ਨੂੰ ਬੁਲਾ ਲਿਆ ਅਤੇ ਦੇਰ ਰਾਤ ਨੂੰ ਦੁਕਾਨਦਾਰਾਂ ਨੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਵੀ ਮੌਕੇ ਤੇ ਪੁੱਜ ਗਈ। ਪਰ ਚੋਰ ਸਭ ਨੂੰ  ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਦਿਨੇਸ਼ ਗਰਗ ਨੇ ਦੱਸਿਆ ਕਿ ਰਾਤ ਨੂੰ 1:48 ਵਜੇ ਮੈਨੂੰ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਵਿਚ ਚੋਰ ਦਾਖਲ ਹੋ ਗਿਆ ਹੈ। ਤਾਂ ਮੈਂ ਮੌਕੇ ਤੇ ਪੁੱਜਿਆ ਤਾਂ ਉਥੇ ਕਾਫੀ ਇਕੱਠ ਸੀ। ਤਾਂ ਚੋਰ ਮੇਰੀ ਦੁਕਾਨ ਤੋਂ ਟੱਪਕੇ ਨਾਲ ਵਾਲੇ ਕੱਪੜੇ ਦੀ ਦੁਕਾਨ ਤੇ ਜਾ ਚੜ੍ਹਿਆ। ਇਨੇ ਵਿਚ ਹੀ ਪੁਲਸ ਆ ਗਈ ਅਤੇ ਇਕੱਠ ਵੀ ਕਾਫੀ ਹੋ ਗਿਆ। ਪਰ ਚੋਰ ਬੰਦ ਗਲੀ ਦੇ ਰਸਤੇ ਰਾਹੀਂ ਛਾਲ ਮਾਰਕੇ ਫਰਾਰ ਹੋ ਗਿਆ। ਜਦੋਂ ਮੈਂ ਆਪਣੀ ਦੁਕਾਨ ਦਾ ਜਿੰਦਰਾ ਖੋਲ੍ਹਿਆ ਤਾਂ ਮੇਰਾ ਗੱਲਾ ਉਥੋਂ ਗਾਇਬ ਸੀ। ਦੁਕਾਨ ਦੇ ਪਿੱਛਲੇ ਹਿੱਸੇ ਵਿਚ ਗੱਲਾ ਪਿਆ ਸੀ ਅਤੇ ਕਾਊਂਟਰ ਉਪਰ ਰਾਡ ਪਈ ਸੀ।

ਚੋਰ ਛੱਤ ਦਾ ਦਰਵਾਜ਼ਾ ਤੋੜਕੇ ਦੁਕਾਨ ਵਿਚ ਦਾਖਲ ਹੋਇਆ। ਪਰ ਜਾਂਦੇ ਹੋਏ ਚੋਰ ਆਪਣਾ ਝੋਲਾ ਉਥੇ ਹੀ ਛੱਡ ਗਿਆ। ਜਿਸ ਵਿਚ ਇਕ ਮੋਬਾਇਲ ਸੀ। ਉਸ ਵਿਚ ਨੰਬਰ ਚੱਲ ਰਿਹਾ ਸੀ। ਹੁਣ ਇਹ ਨਹੀਂ ਪਤਾ ਕਿ ਇਹ ਨੰਬਰ ਉਸਦਾ ਸੀ ਜਾਂ ਉਸਨੇ ਇਹ ਮੋਬਾਈਲ ਵੀ ਚੋਰੀ ਕੀਤਾ ਸੀ। ਦੁਕਾਨਦਾਰ ਸ਼ੈਲੀ ਅਰੋੜਾ ਅਤੇ ਮੁਨੀਸ਼ ਕੁਮਾਰ ਨੇ ਕਿਹਾ ਕਿ ਰਾਤ ਸਮੇਂ ਸ਼ਹਿਰ ਵਿਚ ਚੋਰੀਆਂ ਬਹੁਤ ਜਿਆਦਾ ਵਧ ਗਈਆਂ ਹਨ। ਰਾਤ ਵੇਲੇ ਪੁਲਸ ਦੀ ਕੋਈ ਗਸ਼ਤ ਨਹੀਂ ਹੁੰਦੀ। ਪਰ ਦਿਨ ਸਮੇਂ ਬਾਜਾਰਾਂ ਵਿਚ ਪੀ ਸੀ ਆਰ ਵਾਲੇ ਹੂਟਰ ਮਾਰਦੇ ਘੁੰਮਦੇ ਰਹਿੰਦੇ ਹਨ ਅਤੇ ਦੁਕਾਨਦਾਰਾਂ ਨੂੰ ਤੰਗ ਕਰਦੇ ਹਨ। ਪਰ ਰਾਤ ਵੇਲੇ ਇਹਨਾਂ ਚੋਰਾਂ ਤੇ ਲਗਾਮ ਕਸਣ ਲਈ ਕੋਈ ਨਹੀਂ ਹੁੰਦਾ। ਰਾਤ ਵੇਲੇ ਵੀ ਅਸੀਂ ਸੂਚਨਾ ਦੇ ਕੇ ਹੀ ਪੁਲਸ ਨੂੰ ਮੌਕੇ ਤੇ ਬੁਲਾਇਆ। ਸਾਡੀ ਮੰਗ ਹੈ ਕਿ ਦਿਨ ਦੀ ਬਜਾਇ ਰਾਤ ਸਮੇਂ ਗਸ਼ਤ ਵਧਾਈ ਜਾਵੇ। ਤਾਂ ਕਿ ਚੋਰਾਂ ਤੇ ਨਕੇਲ ਕਸੀ ਜਾ ਸਕੇ। 
 


Shyna

Content Editor

Related News