ਖਾਸ ਮੰਗ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਭੇਜਣਗੀਆਂ ਮੰਗ ਪੱਤਰ

05/13/2020 12:26:50 PM

ਸੰਗਰੂਰ (ਸਿੰਗਲਾ): ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਜ਼ਿਲਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਅਤੇ ਜਰਨਲ ਸੈਕਟਰੀ ਸਿੰਦਰ ਕੌਰ ਬੜੀ,  ਮਨਦੀਪ ਕੁਮਾਰੀ ਜ਼ਿਲਾ ਪ੍ਰੈੱਸ ਸਕੱਤਰ ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਕੋਰੋਨਾ ਦੇ ਵਿਰੁੱਧ ਫਰੰਟ ਲਾਈਨ ਉੱਤੇ ਕੰਮ ਕਰ ਰਹੀਆਂ ਹਨ। ਪਰ ਸਰਕਾਰਾਂ ਵਲੋਂ  ਉਨ੍ਹਾਂ ਨੂੰ ਲਗਾਤਾਰ ਅਣਦੇਖਿਆ ਕੀਤਾ ਗਿਆ ਹੈ ਜਦੋਂਕਿ ਹਰ ਕੰਮ ਦੇ ਲਈ ਆਂਗਨਵਾੜੀ ਵਰਕਰ ਹੈਲਪਰ ਨੂੰ ਫਰੰਟ 'ਤੇ ਰੱਖਿਆ ਜਾ ਰਿਹਾ ਹੈ।

ਕੋਰੋਨਾ ਮਹਾਮਾਰੀ ਦੇ ਸੰਕਟ 'ਚ ਫਰੰਟ ਲਾਈਨ 'ਤੇ ਕੋਰੋਨਾ ਯੋਧਿਆਂ ਦੇ ਰੂਪ 'ਚ ਡਟੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਇਸ ਮਹਾਮਾਰੀ 'ਤੇ ਰੋਕ ਲਈ ਫਰੰਟ ਲਾਈਨ ਉੱਤੇ ਡਟੀਆਂ ਹੋਈਆਂ ਹਨ। ਸਰਕਾਰ ਵਲੋਂ ਸਮੇਂ-ਸਮੇਂ ਤੇ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਲਾਭਪਾਤਰੀਆ ਤੱਕ ਪਹੁੰਚ ਲਈ ਕੰਮ ਕਰ ਰਹੀਆਂ ਹਨ। ਇਸ 'ਚ ਸਰਵੇ, ਕੁਆਰਟਾਈਨ ਕੀਤੇ ਲੋਕਾਂ ਦਾ ਸਰਵੇਅ ਅਤੇ ਉਨ੍ਹਾਂ ਦਾ ਧਿਆਨ ਰੱਖਣਾ,ਘਰ-ਘਰ 'ਚ ਬੁਢਾਪਾ, ਵਿਧਵਾ ,ਆਸ਼ਰਿਤ ਪੈਨਸ਼ਨ ਦਾ ਪਹੁੰਚਾਉਣਾ, ਘਰ-ਘਰ ਆਂਗਨਵਾੜੀ ਦੀ ਫੀਡ ਪਾਉਣਾ ਆਦਿ ਕੰਮਾਂ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਅਤੇ ਬਿਨਾਂ  ਸੁਰੱਖਿਅਤ ਬੀਮੇ ਦੇ ਆਂਗਣਵਾੜੀ ਵਰਕਰਾਂ ਕੰਮ ਕਰ ਰਹੀਆਂ ਹਨ । ਜਦੋਂਕਿ ਪੂਰੇ ਹਿੰਦੁਸਤਾਨ ਵਿੱਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਾਰੇ ਹੀ ਵਰਕਰਜ਼ ਮੁਲਾਜ਼ਮਾਂ ਨੂੰ ਕੋਰੋਨਾ ਰਿਸਕਵਰ ਵਿੱਚ ਸ਼ਾਮਲ ਕੀਤਾ ਗਿਆ ਹੈ । ਪਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਮੁਹੱਈਆ ਨਹੀਂ ਹੈ। ਇਸ ਦੇ ਬਾਅਦ ਵੀ ਉਹ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੀਆਂ ਹਨ ।

 ਇੰਨੇ ਸਾਰੇ ਕੰਮਾਂ ਦੇ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਆਂਗਨਵਾੜੀ ਵਰਕਰ ਹੈਲਪਰਾਂ ਨੂੰ ਕੋਰੋਨਾ ਸੁਰੱਖਿਆ ਬੀਮਾ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਤੇ ਰਾਜ ਸਰਕਾਰ ਵੱਲੋਂ ਵੀ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਅੱਖੋਂ ਪਰੋਖੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐਡਵਾਈਜ਼ਰੀ ਬੋਰਡ 'ਚ ਕੰਮ ਕਰਨ ਵਾਲੇ ਵਰਕਰ ਹੈਲਪਰਾਂ ਪਿਛਲੇ ਛੇ ਮਹੀਨੇ ਤੋਂ ਬਿਨਾਂ ਮਾਣ ਭੱਤੇ ਕੰਮ ਕਰਨ ਨੂੰ ਮਜਬੂਰ ਹਨ। ਇਨ੍ਹਾਂ ਸਾਰੀਆਂ ਸਰਕਾਰ ਦੀਆਂ ਤੁਗ਼ਲਕੀ ਨੀਤੀਆਂ ਨੂੰ ਲੈ ਕੇ ਆਂਗਣਵਾੜੀ
ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ ਤੇ 14 ਮਈ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖ ਕੇ ਵਿਅਕਤੀਗਤ ਦੂਰੀ ਬਣਾ ਕੇ ਚੌਦਾਂ ਮਈ ਆਪਣੇ-ਆਪਣੇ ਬਲਾਕਾਂ, ਸਰਕਲਾਂ ,ਪਿੰਡ ਪੱਧਰ ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ਜਾਣਗੇ।

ਜ਼ਿਲਾ ਪ੍ਰੈੱਸ ਸਕੱਤਰ ਮਨਦੀਪ ਕੁਮਾਰੀ ਨੇ ਦੱਸਿਆ ਕੇ ਇਸ ਮੰਗ ਪੱਤਰ ਦੁਆਰਾ ਕੇਂਦਰ ਸਰਕਾਰ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਲਈ ਸੁਰੱਖਿਆ ਬੀਮਾ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਸਾਰੇ ਹੀ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਜਾਣ,ਜੇਕਰ ਕੋਰੋਨਾ ਡਿਊਟੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਦੇ ਸਮੇਂ ਵਰਕਰ ਜਾਂ ਹੈਲਪਰ ਕੋਰੋਨਾ ਮਹਾਮਾਰੀ ਦੀ ਚਪੇਟ ਵਿੱਚ ਆ ਜਾਂਦੀ ਹੈ ਤਾਂ ਉਸ ਦਾ ਇਲਾਜ ਸਰਕਾਰ ਵਲੋਂ ਕਰਵਾਇਆ ਜਾਏਗਾ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਘੇਰੇ 'ਚ ਸ਼ਾਮਲ ਕੀਤਾ ਜਾਵੇ,  ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਦਾਖ਼ਲ ਕਰਾਉਣੇ ਯਕੀਨੀ ਬਣਾਉਂਦੇ ਹੋਏ ਪ੍ਰੀ ਸਕੂਲ ਸਿੱਖਿਆ ਦਾ ਅਧਿਕਾਰ ਆਂਗਣਵਾੜੀ ਕੇਂਦਰਾਂ ਨੂੰ ਦਿੱਤਾ ਜਾਵੇ, ਐਡਵਾਇਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲ ਰਹੇ ਆਂਗਨਵਾੜੀ ਕੇਂਦਰਾਂ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਵਾਪਸ ਲਿਆਂਦਾ ਜਾਵੇ, ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ ਵਿੱਚ ਕੀਤੀ 600 ਰੁਪਏ ਦੇ 300 ਰੁਪਏ ਦੀ ਕਟੌਤੀ ਤੁਰੰਤ ਜਾਰੀ ਕੀਤੀ ਜਾਵੇ, ਸੁਪਰਵਾਈਜ਼ਰ ਦੀਆਂ ਲਟਕ ਰਹੀਆਂ ਅਸਾਮੀਆਂ  ਸੀਨੀਅਰਤਾ ਸੂਚੀ ਬਣਾਕੇ ਤੂਰੰਤ ਭਰਤੀ ਕੀਤਾ ਜਾਵੇ, ਟੀ.ਏ.ਡੀ.ਏ. ਯਕੀਨੀ ਬਣਾਇਆ ਜਾਵੇ ,ਪਿਛਲੇ ਕਈ ਸਾਲਾਂ ਤੋਂ ਖਾਲੀ ਪਈਆਂ ਵਰਕਰ ਹੈਲਪਰ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਆਦਿ ਮੰਗਾਂ ਨੂੰ ਲੈ ਚੌਦਾਂ ਮਈ ਨੂੰ ਪੂਰੇ ਹਿੰਦੁਸਤਾਨ ਵਿੱਚ ਸੁਰੱਖਿਆ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਿਸ ਵਿੱਚ ਪੰਜਾਬ ਦੀਆਂ ਸਮੂਹ ਆਂਗਣਵਾੜੀ ਵਰਕਰਾਂ ਹੈਲਪਰਾਂ ਅਤੇ ਆਸ਼ਾ ਵਰਕਰਾਂ ਵੀ ਸ਼ਮੂਲੀਅਤ ਕਰਨਗੀਆਂ।


Shyna

Content Editor

Related News