ਖੇਤ ''ਚ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਨੂੰ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਸਖ਼ਤ ਚਿਤਾਵਨੀ

10/19/2022 5:46:18 PM

ਨਵਾਂਸ਼ਹਿਰ (ਤ੍ਰਿਪਾਠੀ) : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਖੇਤ ’ਚ ਹੀ ਪਰਾਲੀ ਜਾਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਏ ਜਾਣ ’ਤੇ ਕਿਸੇ ਨਾਲ ਵੀ ਨਰਮੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਚੰਡੀਗੜ੍ਹ ਰੋਡ ’ਤੇ ਨਾਈ ਮਜਾਰਾ ਪਿੰਡ ਨੇੜੇ ਇਕ ਖੇਤ ’ਚ ਪਰਾਲੀ ਨੂੰ ਲੱਗੀ ਅੱਗ ਦਾ ਖ਼ੁਦ ਨੋਟਿਸ ਲੈਂਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਇਸ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ।

ਇਹ ਵੀ ਪੜ੍ਹੋ - ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਰਾਹ 

ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਪਿਛਲੇ ਸਾਲ ਤੱਕ 1571 ਇੰਨ-ਸੀਟੂ (ਖੇਤ ’ਚ ਹੀ ਪਰਾਲੀ ਦਾ ਨਿਪਟਾਰਾ) ਤੇ ਐਕਸ-ਸੀਟੂ (ਖੇਤ ਤੋਂ ਬਾਹਰ ਪਰਾਲੀ ਦਾ ਨਿਪਟਾਰਾ) ਮਸ਼ੀਨਰੀ ਮੌਜੂਦ ਸੀ ਅਤੇ ਇਸ ਵਾਰ ਨਵੀਆਂ ਮਸ਼ੀਨਾਂ ਦੇ ਡਰਾਅ ਕੱਢਣ ਤੋਂ ਬਾਅਦ ਹੁਣ ਤੱਕ 210 ਦੇ ਕਰੀਬ ਹੋਰ ਮਸ਼ੀਨਰੀ ਆ ਚੁੱਕੀ ਹੈ। ਜ਼ਿਲ੍ਹੇ ’ਚ ਹੁਣ ਤੱਕ 1871 ਅਜਿਹੀ ਪਰਾਲੀ ਨਿਪਟਾਰਾ ਮਸ਼ੀਨਰੀ ਮੌਜੂਦ ਹੈ, ਜਿਸ ਦੀ ਵਰਤੋਂ ਕਰ ਕੇ ਪਰਾਲੀ ਜਾਂ ਫ਼ਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਸੰਭਾਲਿਆ ਜਾ ਸਕਦਾ ਹੈ। ਡੀ. ਸੀ. ਰੰਧਾਵਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਖ਼ੁਦ ਜਾਂ ਆਪਣੇ ਮੋਬਾਇਲ ਚਲਾਉਂਦੇ ਪਰਿਵਾਰਕ ਮੈਂਬਰਾਂ ਰਾਹੀਂ ਆਈ-ਖੇਤ ਪੰਜਾਬ ਐਪ ਡਾਊਨਲੋਡ ਕਰਨ ਅਤੇ ਆਪਣੇ ਨੇੜਲੇ ਪਿੰਡਾਂ ’ਚ ਉਪਲਬਧ ਇਸ ਮਸ਼ੀਨਰੀ ਦੀਆਂ ਕਿਰਾਏ ’ਤੇ ਸੇਵਾਵਾਂ ਲੈ ਕੇ ਪਰਾਲੀ ਦਾ ਨਿਪਟਾਰਾ ਕਰਨ।

ਇਹ ਵੀ ਪੜ੍ਹੋ:  ਹੁਣ ਦੋਨਾ ਇਲਾਕੇ ਦੇ ਕਿਸਾਨਾਂ ਨੂੰ ਮਿਲੇਗਾ ਬਿਸਤ ਦੋਆਬ ਨਹਿਰ ਦਾ ਪਾਣੀ, ਸਰਵੇ ਸ਼ੁਰੂ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ/ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਗੋਂ ਇਸ ਬੁਰਾਈ ਨੂੰ ਖ਼ਤਮ ਕਰਨ ’ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਖੇਤ ’ਚ ਅੱਗ ਲਾਉਣਗੇ ਉਹ ਸਰਕਾਰੀ ਲਾਭਾਂ ਤੋਂ ਵਾਂਝੇ ਹੋਣ ਦੇ ਨਾਲ-ਨਾਲ ਪਾਸਪੋਰਟ/ਡਰਾਈਵਿੰਗ ਲਾਇਸੈਂਸ/ਅਸਲਾ ਲਾਇਸੈਂਸ ਦੇ ਨਵੀਨੀਕਰਣ ਦੀ ਮੁਸ਼ਕਿਲ ’ਚ ਆ ਸਕਦੇ ਹਨ। ਇਸ ਤੋਂ ਇਲਾਵਾ ਜ਼ਮੀਨੀ ਫ਼ਰਦ ’ਚ ਲਾਲ ਐਂਟਰੀ ਹੋਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤੋਂ ਵੀ ਵਾਂਝੇ ਹੋ ਸਕਦੇ ਹਨ। ਸਰਪੰਚ ਜਾਂ ਨੰਬਰਦਾਰ ਹੋਣ ਦੀ ਸੂਰਤ ’ਚ ਅਹੁਦੇ ਤੋਂ ਹਟਾਏ ਜਾ ਸਕਦੇ ਹਨ ਅਤੇ ਸਰਕਾਰੀ ਸੇਵਾ ’ਚ ਹੋਣ ਦੀ ਸੂਰਤ ’ਚ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਮਾਂ ਬੋਲੀ ਨੂੰ ਸਮਰਪਿਤ ਹੋਵੇਗਾ ਨਵੰਬਰ ਮਹੀਨਾ, ਰੋਜ਼ਾਨਾ ਕਰਵਾਏ ਜਾਣਗੇ ਸਮਾਗਮ

Harnek Seechewal

This news is Content Editor Harnek Seechewal