ਨਗਰ ਪੰਚਾਇਤ ਮੂਨਕ ਨੂੰ ਮਿਲਿਆ ਜ਼ੋਨਲ ਪੱਧਰੀ ਐਵਾਰਡ

06/24/2018 8:01:34 AM

ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ) – ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇੰਦੌਰ (ਮੱਧ ਪ੍ਰਦੇਸ਼) ਦੇ ਬ੍ਰਿਲੀਐਂਟ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਸਵੱਛ ਸਰਵੇਖਣ-2018 ਸਬੰਧੀ ਵਿਸ਼ੇਸ਼ ਸਮਾਗਮ ਦੌਰਾਨ ਜ਼ਿਲੇ ਦੀ ਨਗਰ ਪੰਚਾਇਤ ਮੂਨਕ ਨੂੰ ਜ਼ੋਨਲ ਪੱਧਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਘਨਸ਼ਿਆਮ ਥੋਰੀ ਨੇ ਕਿਹਾ ਕਿ ਨਗਰ ਪੰਚਾਇਤ ਮੂਨਕ ਨੂੰ ਐਵਾਰਡ ਮਿਲਣਾ ਮਾਣ ਵਾਲੀ ਗੱਲ ਹੈ।
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਵੱਲੋਂ 2011 ਦੀ ਜਨਗਣਨਾ ਦੇ ਆਧਾਰ ’ਤੇ ਕਰਵਾਏ ਗਏ ਇਸ ਸਰਵੇਖਣ ਤਹਿਤ ਉੱਤਰੀ ਵਰਗ ’ਚ 4 ਨਗਰ ਪੰਚਾਇਤਾਂ ਨੂੰ ਐਵਾਰਡ ਪ੍ਰਦਾਨ ਕੀਤੇ ਗਏ ਹਨ, ਜਿਸ ਵਿਚੋਂ 2 ਐਵਾਰਡ ਪੰਜਾਬ ਦੀਆਂ ਨਗਰ ਪੰਚਾਇਤਾਂ ਦੇ ਹਿੱਸੇ ਆਏ ਹਨ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਉੱਚ ਪੱਧਰੀ ਸਰਵੇਖਣ ਦੇ ਤਹਿਤ ਨਗਰ ਪੰਚਾਇਤ ਮੂਨਕ ਨੂੰ ਸ਼ਹਿਰੀ ਫੀਡਬੈਕ ਵਜੋਂ ਸਰਬੋਤਮ ਸ਼ਹਿਰ ਐਲਾਨਦੇ ਹੋਏ ਜ਼ੋਨਲ ਪੱਧਰੀ ਐਵਾਰਡ ਮਿਲਿਆ ਹੈ। ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਸਰਵੇਖਣ 4 ਜਨਵਰੀ 2018 ਤੋਂ 10 ਮਾਰਚ 2018 ਤੱਕ ਕਰਵਾਇਆ ਗਿਆ ਸੀ।  ਇਕ ਲੱਖ ਤੋਂ ਘੱਟ ਅਾਬਾਦੀ ਵਾਲੇ ਵਰਗ ਵਿਚ ਹੋਏ ਇਸ ਸਰਵੇਖਣ ਲਈ ਉੱਤਰੀ ਜ਼ੋਨ ਦੀਆਂ ਵੱਡੀ ਗਿਣਤੀ ਨਗਰ ਪੰਚਾਇਤਾਂ ਦੀ ਕਾਰਜਪ੍ਰਣਾਲੀ ਨੂੰ ਡੂੰਘਾਈ ਨਾਲ ਦੇਖਿਆ ਗਿਆ ਸੀ।