ਜ਼ੀਰਕਪੁਰ ਦੇ ਸਮੂਹ ਵਾਰਡਾਂ ''ਚੋਂ 15 ਹਜ਼ਾਰ ਵੋਟਾਂ ਕੱਟਣ ਦਾ ਦੋਸ਼, ਅਕਾਲੀ ਵਿਧਾਇਕ ਨੇ ਲਾਏ ਗੰਭੀਰ ਦੋਸ਼

12/12/2020 4:12:37 PM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਵੋਟਾਂ ਦੀ ਨਵੀਂ ਬਣੀ ਸੂਚੀ 'ਚੋਂ ਖੇਤਰ ਦੇ ਇੱਕ ਤੋਂ 26 ਵਾਰਡਾਂ ਤੱਕ ਦੀਆਂ ਕਰੀਬ 15 ਹਜ਼ਾਰ ਵੋਟਾਂ ਨੂੰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋ ਨੇ ਅਫ਼ਸਰਾਂ ਦੀ ਮਿਲੀ-ਭੁਗਤ ਨਾਲ ਕਟਵਾਇਆ ਹੈ। ਇਹ ਗੰਭੀਰ ਦੋਸ਼ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਇੱਕ ਵਿਸ਼ੇਸ਼ ਤੌਰ 'ਤੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਲਗਾਏ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੱਤਾ 'ਚ ਹੋਣ ਕਾਰਨ ਸ਼ਰੇਆਮ ਵੋਟਰਾਂ ਨਾਲ ਧੱਕਾ ਕਰ ਰਹੀ ਹੈ। ਆਪਣੀ ਹਾਰ ਨੂੰ ਦੇਖਦਿਆਂ ਕਾਂਗਰਸੀ ਹਲਕਾ ਇੰਚਾਰਜ ਦੀਪਇੰਦਰ ਢਿੱਲੋ ਅਕਾਲੀ ਪਰਿਵਾਰਾਂ ਦੀਆਂ ਵੋਟਾਂ ਕਟਵਾ ਰਿਹਾ ਹੈ, ਜਿਸ 'ਚ ਅਕਾਲੀ ਦਲ ਦੇ 11 ਕੌਂਸਲਰਾਂ ਦੇ ਨਾਮ ਵੀ ਵੋਟਰ ਸੂਚੀਆਂ 'ਚੋ ਗਾਇਬ ਕੀਤੇ ਗਏ ਹਨ। ਇਸ ਤੋ ਇਲਾਵਾ ਆਪਣੀਆਂ ਵਧੇਰੇ ਵਿਰੋਧੀ ਵੋਟਾਂ ਨੂੰ ਇੱਕ-ਦੂਜੇ ਵਾਰਡਾਂ 'ਚ ਵੀ ਤਬਦੀਲ ਕੀਤਾ ਗਿਆ ਹੈ ਤਾਂ ਜੋ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਸਮੂਹ ਪਰਿਵਾਰ ਦੀਆਂ ਵੋਟਾਂ ਦੀ ਵਰਤੋਂ ਸਮੇਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ।

ਵਿਧਾਇਕ ਨੇ ਕਿਹਾ ਕਿ ਰਾਜਪੁਰਾ ਵਿਖੇ ਜੋ ਨਕਲੀ ਸ਼ਰਾਬ ਦੀ ਫੈਕਟਰੀ ਫੜ੍ਹੀ ਗਈ ਸੀ, ਉਸ ਦੀ ਸ਼ਰਾਬ ਵੀ ਇਥੋਂ ਦੇ ਕਾਂਗਰਸੀ ਆਗੂ ਢਿੱਲੋਂ ਦੇ ਇਸ਼ਾਰੇ 'ਤੇ ਹਲਕਾ ਡੇਰਾਬੱਸੀ ਦੇ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਵੇਚੀ ਜਾਂਦੀ ਰਹੀ ਹੈ। ਹਲਕਾ ਵਿਧਾਇਕ ਨੇ ਕਿਹਾ ਕਿ ਉਹ ਨਵੀਆਂ ਵੋਟਰ ਸੂਚੀਆਂ ਨੂੰ ਅਧੂਰੀ ਅਤੇ ਪੱਖਪਾਤੀ ਬਣਾਉਣ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾ ਕੇ ਦੋਸ਼ੀ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪਟੀਸ਼ਨ ਦਾਇਰ ਕਰਨਗੇ।

ਜਦੋਂ ਇਨ੍ਹਾਂ ਦੋਸ਼ਾਂ ਸਬੰਧੀ ਕਾਂਗਰਸੀ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਐਨ. ਕੇ ਸ਼ਰਮਾ ਨੇ ਜੋ ਮੇਰੇ 'ਤੇ ਧੱਕਾ ਕਰਨ ਦੇ ਦੋਸ਼ ਮੜ੍ਹੇ ਹਨ, ਉਹ ਬਿਲਕੁਲ ਝੂਠੇ ਅਤੇ ਬੇ-ਬੁਨਿਆਦ ਹਨ ਅਤੇ ਉਹ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਰਿਹਾ ਹੈ, ਜਿਸ ਲਈ ਉਹ ਹਨ੍ਹੇਰੇ 'ਚ ਤੀਰ ਛੱਡ ਕੇ ਲੋਕਾਂ ਦੀ ਝੂਠੀ ਹਮਦਰਦੀ ਹਾਸਲ ਕਰਨਾ ਚਾਹੁੰਦਾ ਹੈ ਪਰ ਇਲਾਕੇ ਦੇ ਸੂਝਵਾਨ ਲੋਕ ਇਸ ਦੇ ਮਗਰਮੱਛ ਦੇ ਹੰਝੂਆਂ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ ਕਿਉਂਕਿ ਪਿਛਲੇ ਅਕਾਲੀ ਦਲ ਦੇ ਰਾਜ ਦੌਰਾਨ ਹਲਕਾ ਵਿਧਾਇਕ ਨੇ ਹਲਕੇ ਅੰਦਰ ਕੋਈ ਵਿਕਾਸ ਨਹੀ ਕੀਤਾ, ਜਿਸ ਵਜੋਂ ਲੋਕਾਂ ਨੇ ਇਸ ਦੇ ਕਾਰਜਕਾਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਸਿਰਫ ਇਹੀ ਨਹੀ, ਸਗੋਂ ਆਪਣੀ ਅਨਪੜ੍ਹਤਾ ਨੂੰ ਵੀ ਜ਼ਾਹਿਰ ਕਰ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਨਵੀਆਂ ਵੋਟਰ ਸੂਚੀਆਂ ਬੇਸ਼ੱਕ ਜਾਰੀ ਕੀਤੀਆਂ ਗਈਆਂ ਹਨ ਪਰ ਇਸ ਦੀ ਮੁੱਢਲੀ ਜਾਂਚ-ਪੜਤਾਲ ਲਈ ਲੋਕਾਂ 'ਚ ਅਜੇ ਪ੍ਰਕਾਸ਼ਿਤ ਕਰਨੀਆਂ ਹਨ, ਜਿਸ ਦੌਰਾਨ ਵੋਟਰ ਸੂਚੀਆਂ 'ਚ ਵੋਟਰਾਂ ਦੇ ਨਾਵਾਂ ਅਤੇ ਵਾਰਡਾਂ ਦੀਆਂ ਗਲਤੀਆਂ ਦੀ ਪੜਤਾਲ ਕਰਕੇ ਸੋਧ ਹੋਣੀ ਹਾਲੇ ਬਾਕੀ ਹੈ। 

Babita

This news is Content Editor Babita