ਜ਼ੀਰਾ ਦਾ ਇਆਈ ਨੂੰ ਚੈਲੇਂਜ, ਜਿੱਥੇ ਕਹੇਂਗਾ ਉੱਥੇ ਸਿੱਧਾ ਆਵਾਂਗਾ

10/21/2019 1:31:05 AM

ਲੁਧਿਆਣਾ (ਨਵੀਨ ਗੋਗਨਾ)-ਜ਼ਿਮਨੀ ਚੋਣਾਂ ਦੌਰਾਨ ਬੇਸ਼ੱਕ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ ਅਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਹਲਕੇ 'ਚੋਂ ਬਾਹਰਲੇ ਵਿਅਕਤੀਆਂ ਦਾ ਠਹਿਰਾਅ ਨਹੀਂ ਹੋਣਾ ਚਾਹੀਦਾ, ਭਾਵ ਹਲਕਾ ਦਾਖਾ 'ਚ ਵੋਟਰਾਂ ਤੋਂ ਬਿਨਾਂ ਕੋਈ ਵੀ ਹੋਰ ਜ਼ਿਲੇ ਦਾ ਵਿਅਕਤੀ ਦਾਖਾ 'ਚ ਸਿਆਸੀ ਗਤੀਵਿਧੀਆਂ ਲਈ ਨਹੀਂ ਰਹਿ ਸਕਦਾ ਪਰ ਮਾਹੌਲ ਐਤਵਾਰ ਸ਼ਾਮ ਨੂੰ ਉਦੋਂ ਵਿਗੜ ਗਿਆ, ਜਦੋਂ ਪਿੰਡ ਸਰਾਭਾ 'ਚ ਇਕ ਨੌਜਵਾਨ ਨੇ ਇਹ ਕਹਿੰਦਿਆਂ ਰੌਲਾ ਪਾ ਕੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਬੁਲਾ ਲਿਆ ਕਿ ਸਾਡੇ ਘਰ ਜ਼ੀਰਾ ਆਪਣੇ 5-6 ਵਿਅਕਤੀਆਂ ਨਾਲ ਆਇਆ ਤੇ ਸਾਨੂੰ ਡਰਾਉਣ-ਧਮਕਾਉਣ ਲੱਗਾ ਕਿ ਜੇਕਰ ਕਾਂਗਰਸ ਨੂੰ ਵੋਟਾਂ ਨਾ ਪਾਈਆਂ ਤਾਂ ਤੇਰੀ ਮਾਂ ਨੂੰ ਚੁੱਕ ਕੇ ਲੈ ਜਾਵਾਂਗੇ, ਜਿਸ 'ਤੇ ਤੁਰੰਤ ਮਨਪ੍ਰੀਤ ਇਆਲੀ ਆਪਣੇ ਸਮਰਥਕਾਂ ਸਣੇ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਪੁਲਸ ਨੂੰ ਵੀ ਬੁਲਾਇਆ ਪਰ ਇੰਨੇ ਨੂੰ (ਲੋਕਾਂ ਦੇ ਕਹਿਣ ਅਨੁਸਾਰ) ਜ਼ੀਰਾ ਆਪਣੇ ਸਾਥੀਆਂ ਸਣੇ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ। ਹਾਲਾਂਕਿ ਇਕ ਪੁਲਸ ਅਧਿਕਾਰੀ ਨੇ ਤਾਂ ਉਲਟਾ ਇਹ ਆਖ ਦਿੱਤਾ ਕਿ ਪਰਚਾ ਤਾਂ ਇਆਲੀ 'ਤੇ ਬਣਦਾ ਹੈ, ਧਾਰਾ 144 ਲੱਗੀ ਹੋਣ ਦੇ ਬਾਵਜੂਦ ਉਹ ਇਕੱਠ ਕਰੀ ਫਿਰਦਾ ਹੈ, ਜਿਸ 'ਤੇ ਇਆਲੀ ਸਮਰਥਕਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਇਆਲੀ ਵਲੋਂ ਵਿਧਾਇਕ ਜ਼ੀਰਾ ਨੂੰ ਗਿੱਦੜਾਂ ਵਾਂਗ ਭੱਜਣ ਦੀ ਥਾਂ ਜੇਕਰ ਹਿੰਮਤ ਸੀ ਤਾਂ ਹੁਣ ਜ਼ੀਰਾ ਖੜ੍ਹਦਾ, ਤੱਕ ਆਖਿਆ ਗਿਆ।

ਦੂਜੇ ਪਾਸੇ ਕਰੀਬ 2 ਘੰਟੇ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਨੇ ਇਕ ਵੀਡੀਓ ਜਾਰੀ ਕਰ ਕੇ ਮਨਪ੍ਰੀਤ ਇਆਲੀ ਨੂੰ ਸਿੱਧੇ ਤੌਰ 'ਤੇ ਇਹ ਕਿਹਾ ਕਿ ਇਹ ਵੋਟਾਂ ਕੱਢ ਲੈ, ਫਿਰ ਜਿਥੇ ਕਹੇਂਗਾ, ਜਦੋਂ ਕਹੇਂਗਾ, ਜਗ੍ਹਾ ਤੇਰੀ, ਟਾਈਮ ਤੇਰਾ ਜ਼ੀਰਾ ਇਕੱਲਾ ਆਵੇਗਾ। ਜ਼ੀਰਾ ਨੇ ਕਿਹਾ ਕਿ ਉਹ ਡਰਨ ਵਾਲਾ ਨਹੀਂ, ਨਾ ਉਹ ਅੱਜ ਹਲਕਾ ਦਾਖਾ ਗਿਆ ਤੇ ਭੱਜਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਜਦੋਂ ਕਿ ਮਨਪ੍ਰੀਤ ਇਆਲੀ ਵਲੋਂ ਫੇਸਬੁੱਕ 'ਤੇ ਵਿਧਾਇਕ ਜ਼ੀਰਾ ਦੀਆਂ ਗੱਡੀਆਂ ਪਿੰਡ ਸਰਾਭਾ 'ਚੋਂ ਭੱਜਦਿਆਂ ਦੀ ਵੀਡੀਓ ਅਤੇ ਗੱਡੀ ਕਿਸ ਦੇ ਨਾਂ ਹੈ, ਦਾ ਸਰਕਾਰੀ ਰਿਕਾਰਡ ਡਾਊਨਲੋਡ ਕਰ ਕੇ ਪੋਸਟ ਕੀਤਾ ਗਿਆ, ਜਿਸ ਅਨੁਸਾਰ ਇਨੋਵਾ ਗੱਡੀ ਜੋ ਇਆਲੀ ਨੇ ਸ਼ੋਅ ਕੀਤੀ, ਉਹ ਕੁਲਵੀਰ ਜ਼ੀਰਾ ਦੇ ਨਾਂ ਬੋਲਦੀ ਹੈ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਜੇਕਰ ਪ੍ਰਸ਼ਾਸਨ ਨੇ ਸਹੀ ਢੰਗ ਨਾਲ ਧਿਆਨ ਨਾ ਦਿੱਤਾ ਤਾਂ ਅੱਜ ਦਾ ਦਿਨ ਹਲਕਾ ਦਾਖਾ ਵਾਸੀਆਂ ਲਈ ਬਹੁਤ ਹੀ ਨਾਜ਼ੁਕ ਸਥਿਤੀ ਵਾਲਾ ਹੋ ਸਕਦਾ ਹੈ। ਲੋਕ ਤਾਂ ਇਥੋਂ ਤੱਕ ਆਖ ਰਹੇ ਹਨ ਕਿ ਹਲਕਾ ਦਾਖਾ ਅੱਜ ਕਿਧਰੇ ਜੰਗ ਦਾ ਮੈਦਾਨ ਨਾ ਬਣ ਜਾਵੇ।

Karan Kumar

This news is Content Editor Karan Kumar