ਕਿਸਾਨਾਂ ਦਾ ਸਮਰਥਨ ਨਾ ਕਰਨ ’ਤੇ ਲੋਕਾਂ ਨੇ ਕੱਢੀਆਂ ਯੁਵਰਾਜ ਹੰਸ ਤੇ ਉਸ ਦੀ ਪਤਨੀ ਨੂੰ ਗਾਲ੍ਹਾਂ

12/06/2020 12:06:12 AM

ਜਲੰਧਰ (ਬਿਊਰੋ)– ਯੁਵਰਾਜ ਹੰਸ ਤੇ ਉਸ ਦੀ ਪਤਨੀ ਮਾਨਸੀ ਸ਼ਰਮਾ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕਿਸਾਨਾਂ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਕੁਝ ਨਾ ਬੋਲਣ ਕਰਕੇ ਦੋਵਾਂ ਨੂੰ ਲੋਕਾਂ ਵਲੋਂ ਮੰਦੇ ਬੋਲ ਸੁਣਨ ਨੂੰ ਮਿਲ ਰਹੇ ਹਨ।

ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਮਾਨਸੀ ਸ਼ਰਮਾ ਵਲੋਂ ਕੁਝ ਚੈਟਸ ਦੇ ਸਕ੍ਰੀਨਸ਼ਾਟਸ ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਗਏ। ਇਨ੍ਹਾਂ ’ਚ ਜਿਥੇ ਮਾਨਸੀ ਸ਼ਰਮਾ ਨੂੰ ਮਾੜਾ ਬੋਲਿਆ ਜਾ ਰਿਹਾ ਹੈ, ਉਥੇ ਯੁਵਰਾਜ ਹੰਸ ਦਾ ਕਰੀਅਰ ਖਤਮ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ।

ਇਸ ਸਭ ਨੂੰ ਦੇਖਦਿਆਂ ਯੁਵਰਾਜ ਹੰਸ ਵੀ ਭੜਕ ਉਠਿਆ ਤੇ ਉਸ ਨੇ ਵੀ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ। ਯੁਵਰਾਜ ਨੇ ਲਿਖਿਆ, ‘ਕੌਮ ਦੇ ਰਾਖੇ ਮੰਨੇ ਜਾਣ ਵਾਲੇ ਮੇਰੀ ਪਤਨੀ ਤੇ ਘਰ ਦੀਆਂ ਔਰਤਾਂ ਲਈ ਘਟੀਆ ਸ਼ਬਦਾਵਲੀ ਵਾਲੇ ਮੈਸਿਜ ਭੇਜ ਰਹੇ। ਇਹ ਨਾ ਭੁੱਲੋ ਤੁਹਾਡੇ ਘਰ ਵੀ ਮਾਂ-ਭੈਣ ਹੈ। ਜੋ ਗੱਲ ਹੈ ਬੰਦਿਆਂ ਵਾਂਗੂ ਕਰੋ। ਮੈਂ ਸਮਝਦਾ ਹਾਂ ਕਿ ਸਾਡੇ ਪੰਜਾਬ ਦੇ ਕਿਸਾਨ ਨਹੀਂ ਖੁਸ਼ ਕਿਸੇ ਫੈਸਲੇ ਤੋਂ। ਉਹ ਅੱਜ ਨਹੀਂ ਤਾਂ ਕੱਲ ਸੁਲਝ ਜਾਵੇਗਾ। ਸਾਨੂੰ ਵੀ ਚੰਗਾ ਨਹੀਂ ਲੱਗਦਾ ਸਾਡੇ ਬਜ਼ੁਰਗ ਸੜਕਾਂ ’ਤੇ ਨੇ ਪਰ ਯਾਰ ਥੋੜ੍ਹੀ ਤਾਂ ਸ਼ਰਮ ਕਰੋ। ਤੁਸੀਂ ਮਾਵਾਂ-ਭੈਣਾਂ ਨੂੰ ਘਟੀਆ-ਘਟੀਆ ਗੱਲਾਂ ਲਿਖੀ ਜਾ ਰਹੇ ਹੋ। ਇਹ ਕਿਹੜਾ ਵਿਰੋਧ ਹੋਇਆ। ਮੈਂ ਚਾਹੁੰਦਾ ਹਾਂ ਕਿ ਬਾਬਾ ਜੀ ਸਭ ਸਹੀ ਕਰਨ। ਮੈਂ ਕਦੇ ਵੀ ਕਿਸੇ ਕੰਟਰੋਵਰਸੀ ’ਚ ਨਹੀਂ ਆਉਣਾ ਚਾਹੁੰਦਾ ਪਰ ਕਿਸੇ ਦੇ ਸਬਰ ਦਾ ਇੰਨਾ ਇਮਤਿਹਾਨ ਨਾ ਲਓ। ਬਾਬਾ ਸਭ ਦਾ ਭਲਾ ਕਰੇ।’

ਦੂਜੀ ਪੋਸਟ ’ਚ ਯੁਵਰਾਜ ਨੇ ਲਿਖਿਆ, ‘ਮੇਰੀ ਪਤਨੀ ਜਾਂ ਮੇਰੇ ਘਰ ਦੀ ਕਿਸੇ ਵੀ ਔਰਤ ਬਾਰੇ ਬਕਵਾਸ ਕਰ ਰਹੇ ਹੋ ਕਿਉਂਕਿ ਉਹ ਮੇਰੇ ਨਾਲ ਵਿਆਹੀ ਹੈ? ਸ਼ਰਮ ਕਰਲੋ ਥੋੜ੍ਹੀ ਉਹ ਵੀ ਕਿਸੇ ਦੀ ਭੈਣ ਹੈ ਬੇਟੀ ਹੈ।’

ਯੁਵਰਾਜ ਦੀ ਪਤਨੀ ਮਾਨਸੀ ਵਲੋਂ ਵੀ ਸਕ੍ਰੀਨਸ਼ਾਟਸ ਸਾਂਝੇ ਕਰਨ ਤੋਂ ਬਾਅਦ ਲੰਮੀ ਪੋਸਟ ਸਾਂਝੀ ਕੀਤੀ ਗਈ ਹੈ। ਮਾਨਸੀ ਨੇ ਲਿਖਿਆ, ‘ਅਜੇ ਮੈਂ ਸਿਰਫ 2-4 ਸਕ੍ਰੀਨਸ਼ਾਟਸ ਪਾਏ। ਇਹ ਇਸ ਲਈ ਨਹੀਂ ਕਿ ਮੈਂ ਕਿਸੇ ਦਾ ਧਿਆਨ ਚਾਹੁੰਦੀ ਹਾਂ, ਇਸ ਲਈ ਕਿ ਮੇਰੀ ਕੱਲ ਪਾਈ ਪੋਸਟ ’ਚ ਨਾ ਤਾਂ ਮੈਂ ਕੰਗਨਾ ਨੂੰ ਸੁਪੋਰਟ ਕੀਤੀ ਨਾ ਮੈਂ ਕਿਸਾਨਾਂ ਦੇ ਖਿਲਾਫ ਬੋਲਿਆ ਪਰ ਲੋਕਾਂ ਨੇ ਸਿਰਫ ਨੈਗੇਟਿਵ ਹੀ ਪਾਇਆ, ਖਾਸ ਕਰਕੇ ਮੁੰਡੇ। ਕੀ ਉਹ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ? ਸੱਚੀ!! ਇੰਝ ਸੁਪੋਰਟ ਕਰਨਾ ਹੁੰਦਾ ਤਾਂ ਮੈਂ ਨਹੀਂ ਕਰਦੀ। ਮੇਰਾ ਰੱਬ ਜਾਣਦਾ ਮੈਂ ਕੀ-ਕੀ ਸੋਚਦੀ ਪਰ ਇਹ ਲੋਕ ਜੋ ਘਟੀਆ ਸ਼ਬਦਾਵਲੀ ਵਰਤ ਰਹੇ। ਮੈਂ ਬਾਬਾ ਜੀ ਤੋਂ ਦੁਆ ਕਰਾਂਗੀ ਇਨ੍ਹਾਂ ਦੀ ਦਿਮਾਗੀ ਹਾਲਤ ਠੀਕ ਕਰਨ। ਮੇਰੇ ਪਿਤਾ ਨੂੰ ਮੇਰੇ ਪਤੀ ਨੂੰ ਗਾਲ੍ਹਾਂ ਕੱਢ ਰਹੇ ਇਹ ਮੈਂ ਬਰਦਾਸ਼ਤ ਨਹੀਂ ਕਰਾਂਗੀ। ਇਹ ਸੁਪੋਰਟ ਕਰਨਾ ਨਹੀਂ ਹੁੰਦਾ, ਤੁਸੀਂ ਆਪਣਾ ਗੰਦਾ ਦਿਮਾਗ ਦਿਖਾ ਰਹੇ ਹੋ।’

ਨੋਟ– ਲੋਕਾਂ ਵਲੋਂ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੂੰ ਮੰਦਾ ਬੋਲਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh