ਨੌਜਵਾਨ ਸਭਾ ਨੇ ਘੇਰਿਆ ਡੀ.ਸੀ. ਦਫਤਰ

03/29/2018 12:37:38 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਭਾਰਤ ਦੀ ਨੌਜਵਾਨ ਸਭਾ (ਡੀ. ਵਾਈ. ਐੱਫ. ਆਈ.) ਨੇ ਅੱਜ ਹਰ ਘਰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਮੁੱਖ ਮਾਰਗਾਂ 'ਤੇ ਰੋਸ ਮਾਰਚ ਕੱਢਣ ਬਾਅਦ ਡੀ. ਸੀ. ਦਫਤਰ ਦਾ ਘਿਰਾਓ ਕੀਤਾ।
ਡੀ.ਵਾਈ.ਐੱਫ.ਆਈ. ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਰੋੜੀ ਨੇ ਕਿਹਾ ਕਿ ਸੱਤਾ ਦੇ ਭੁੱਖੇ ਰਾਜਨੀਤਕ ਦਲ ਚੋਣਾਂ ਵੇਲੇ ਆਮ ਲੋਕਾਂ ਨਾਲ ਵਾਅਦੇ ਕਰ ਕੇ ਵੋਟਾਂ ਬਟੋਰ ਲੈਂਦੇ ਹਨ ਪਰ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਸਾਰੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ 'ਚ ਹਰ ਘਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਭੋਗਣ ਦਾ 1 ਸਾਲ ਲੰਘ ਜਾਣ ਮਗਰੋਂ ਵੀ ਇਸ 'ਤੇ ਕੋਈ ਅਮਲ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਸਰਕਾਰ ਨੇ ਨੌਕਰੀ ਨਾ ਮਿਲਣ ਤੱਕ 2500 ਰੁਪਏ ਮਹੀਨਾ ਰੋਜ਼ਗਾਰ ਭੱਤਾ ਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵੀ ਵਾਅਦੇ ਕੀਤੇ ਸਨ ਪਰ ਉਨ੍ਹਾਂ 'ਤੇ ਸਰਕਾਰ ਖਰਾ ਨਹੀਂ ਉੱਤਰ ਸਕੀ। ਡੀ. ਵਾਈ. ਐੱਫ. ਆਈ.  ਦੇ ਵਫਦ ਨੇ ਸਹਾਇਕ ਕਮਿਸ਼ਨਰ ਨੂੰ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਜ਼ਿਲਾ ਪ੍ਰਧਾਨ ਸੰਦੀਪ ਮਝੋਟ, ਗੁਰਪ੍ਰੀਤ ਸਿੰਘ ਰਕਾਸਨ, ਬਲਵਿੰਦਰ ਕੁਮਾਰ ਹਿਓ, ਚਰਨਜੀਤ, ਹੇਮਰਾਜ, ਹਰਵਿੰਦਰ, ਹਰਮੇਸ਼ ਲਾਲ ਤੇ ਰਮਨ ਲਾਲ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
ਸ੍ਰੀ ਅਨੰਦਪੁਰ ਸਾਹਿਬ, (ਬਾਲੀ/ਦਲਜੀਤ/ਵੀ. ਕੇ. ਅਰੋੜਾ)-ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੀ ਜ਼ਿਲਾ ਇਕਾਈ ਰੋਪੜ ਵੱਲੋਂ ਤਹਿਸੀਲ ਕੰਪਲੈਕਸ ਮੂਹਰੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਜੋ ਵਾਅਦੇ ਨੌਜਵਾਨਾਂ ਤੇ ਆਮ ਲੋਕਾਂ ਨਾਲ ਕੀਤੇ ਸਨ, ਉਹ ਪੂਰੇ ਕੀਤੇ ਜਾਣ।
ਇਸ ਸਬੰਧੀ ਇਕ ਮੰਗ ਪੱਤਰ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਵੀ ਭੇਜਿਆ ਗਿਆ। ਇਸ ਤੋਂ ਪਹਿਲਾਂ ਡੀ. ਵਾਈ. ਐੱਫ. ਆਈ. ਦੇ ਮੈਂਬਰਾਂ ਨੇ ਰੋਸ ਮਾਰਚ ਵੀ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲਾ ਸਕੱਤਰ ਜਸਵਿੰਦਰ ਸਿੰਘ ਵਡਿਆਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਘਰ-ਘਰ ਨੌਕਰੀਆਂ ਦੇਣ ਦੇ ਵਾਅਦੇ ਨਾਲ ਸਸਤੀ ਵਿੱਦਿਆ ਦੇਣ ਦਾ ਵਾਅਦਾ ਕੀਤਾ ਸੀ ਪਰ ਇਕ ਸਾਲ ਬੀਤ ਜਾਣ 'ਤੇ ਵੀ ਨੌਜਵਾਨਾਂ ਲਈ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਸਗੋਂ ਨੌਕਰੀਆਂ 'ਤੇ ਕੱਟ ਲਾਏ ਜਾ ਰਹੇ ਹਨ। 
ਸੂਬੇ ਦੇ ਸਰਕਾਰੀ ਸਕੂਲ ਬੰਦ ਕਰ ਕੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਫੌਰੀ ਪੂਰੇ ਕੀਤੇ ਜਾਣ। 
ਇਸ ਮੌਕੇ ਪ੍ਰੀਤ ਮਜਾਰਾ, ਸ਼ਰਨਜੀਤ ਸਿੰਘ ਅਟਵਾਲ, ਦਿਲਬਾਗ ਸਿੰਘ, ਰਾਜਨ ਕੁਮਾਰ, ਗਗਨ ਸ਼ਰਮਾ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਾਜ ਕੁਮਾਰ, ਹਰਪ੍ਰੀਤ ਸੈਣੀ, ਕਿਰਨ ਜੀਤ ਕੌਰ, ਰੀਮਾ ਸੈਣੀ, ਪ੍ਰਵੀਨ ਕੁਮਾਰ, ਤਨੂ, ਰਾਜ ਰਾਣੀ ਆਦਿ ਹਾਜ਼ਰ ਸਨ।