ਪਠਾਨਕੋਟ ’ਚ ਸ਼ਰੇਆਮ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਮਾਰੇ ਲਲਕਾਰੇ, ਵੀਡੀਓ ’ਚ ਦੇਖੋ ਖ਼ੌਫਨਾਕ ਵਾਰਦਾਤ

03/06/2022 10:06:37 PM

ਪਠਾਨਕੋਟ (ਧਰਮਿੰਦਰ ਠਾਕੁਰ) : ਬੀਤੀ ਰਾਤ ਪਠਾਨਕੋਟ ਦੇ ਮੁਹੱਲਾ ਅਬਰੋਲ ਨਗਰ ਵਿਖੇ ਇਕ ਨੌਜਵਾਨ ਦਾ ਰੰਜਿਸ਼ ਦੇ ਚੱਲਦੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਰਾਹੁਲ ਨਿਵਾਸੀ ਅਬਰੋਲ ਨਗਰ ਵਜੋਂ ਹੋਈ ਹੈ। ਕਤਲ ਦੀ ਇਹ ਸਾਰੀ ਵਾਰਦਾਤ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਸਾਲ ਪਹਿਲਾਂ ਹੀ ਪਿੰਡ ਦੇ ਨੌਜਵਾਨ ਨਾਲ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਇਸ ਦੀ ਰੰਜਿਸ਼ ਦੇ ਚੱਲਦੇ ਹੀ ਮੁਲਜ਼ਮਾਂ ਵਲੋਂ ਬੀਤੀ ਰਾਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਥੇ ਹੀ ਬਸ ਨਹੀਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਵਲੋਂ ਵਾਰਦਾਤ ਵਾਲੀ ਜਗ੍ਹਾ ’ਤੇ ਲਲਕਾਰੇ ਵੀ ਮਾਰੇ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੰਜ ਸਾਲ ਬਾਅਦ ਜ਼ਮਾਨਤ ’ਤੇ ਆਏ ਵਿਅਕਤੀ ਦਾ ਸ਼ਰੇ ਬਾਜ਼ਾਰ ਗੋਲ਼ੀਆਂ ਮਾਰ ਕੇ ਕਤਲ

ਸੀ. ਸੀ. ਟੀ. ਵੀ. ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਤਲ ਦੀ ਵਾਰਦਾਤ ਨੂੰ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੇ ਪਹਿਲਾਂ ਰਾਹੁਲ ਨੂੰ ਗੱਲਾਂ ਵਿਚ ਲਗਾ ਕੇ ਖੜ੍ਹਾ ਕਰ ਲਿਆ ਅਤੇ ਪਿੱਛੋਂ ਇਕ ਨੌਜਵਾਨ ਨੇ ਆ ਕੇ ਉਸ ’ਤੇ ਗੰਢਾਸੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਰਾਹੁਲ ਜ਼ਖਮੀ ਹੋ ਕੇ ਜ਼ਮੀਨ ’ਕੇ ਡਿੱਗ ਗਿਆ ਅਤੇ ਕਾਤਲ ਨੌਜਵਾਨ ਉਦੋਂ ਤਕ ਰਾਹੁਲ ’ਤੇ ਵਾਰ ਕਰਦਾ ਰਿਹਾ ਜਦੋਂ ਤਕ ਉਸ ਦੀ ਮੌਤ ਨਹੀਂ ਹੋ ਜਾਂਦੀ। ਇਥੇ ਹੀ ਬਸ ਨਹੀਂ ਇਸ ਦੌਰਾਨ ਮੁਲਜ਼ਮ ਨੌਜਵਾਨ ਦਾ ਦੋਸਤ ਉਥੇ ਆਉਂਦਾ ਹੈ ਅਤੇ ਲਲਕਾਰਾ ਮਾਰਦਾ ਹੈ। ਇਸ ਦੌਰਾਨ ਸਾਰੇ ਹਮਲਾਵਰ ਨੌਜਵਾਨ ਉਥੋਂ ਕਾਰ ਵਿਚ ਬੈਠ ਕੇ ਫਰਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਰੋਕੀ ਐਂਬੂਲੈਂਸ, ਜਦੋਂ ਤਲਾਸ਼ੀ ਲਈ ਤਾਂ ਸਾਹਮਣੇ ਆਇਆ ਕਾਲਾ ਕਾਰਨਾਮਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ-1 ਦੇ ਇੰਚਾਰਜ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਉਨ੍ਹਾਂ ਨੂੰ ਫ਼ੋਨ ਆਇਆ ਸੀ ਕਿ ਅਬਰੋਲ ਨਗਰ ’ਚ ਕਤਲ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਹੁਲ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਹਮਲਾਵਰ ਗੁਰਦੀਪ ਸਿੰਘ ਉਰਫ਼ ਕਾਕਾ ਉਕਤ ਮੁਹੱਲੇ ’ਚ ਰਹਿੰਦਾ ਹੈ ਅਤੇ ਉਸ ਨੇ ਗਾਂ ਰੱਖੀ ਹੋਈ ਸੀ ਅਤੇ ਜਦੋਂ ਉਹ ਰੋਜ਼ਾਨਾ ਗਾਂ ਨੂੰ ਲੈ ਕੇ ਜਾਂਦਾ ਸੀ ਤਾਂ ਗਾਂ ਗਲੀ ਵਿਚ ਗੋਬਰ ਕਰ ਦਿੰਦੀ ਸੀ, ਜਿਸ ਕਾਰਨ ਉਸ ਨੂੰ ਕਈ ਵਾਰ ਮਨ੍ਹਾ ਕੀਤਾ ਗਿਆ ਕਿ ਜਾਂ ਤਾਂ ਉਹ ਗਾਂ ਨੂੰ ਘਰ ਵਿਚ ਰੱਖੇ, ਨਹੀਂ ਤਾਂ ਗੋਹਾ ਸਾਫ਼ ਕਰੇ। ਉਸ ਨੇ ਦੱਸਿਆ ਕਿ ਇਕ ਦਿਨ 6 ਮਹੀਨੇ ਪਹਿਲਾਂ ਉਸ ਦੇ ਲੜਕੇ ਰਾਹੁਲ ਦੀ ਇਸ ਗੱਲ ਨੂੰ ਲੈ ਕੇ ਗੁਰਦੀਪ ਸਿੰਘ ਨਾਲ ਝਗੜਾ ਹੋ ਗਿਆ ਸੀ ਅਤੇ ਬਾਅਦ ’ਚ ਮੋਹਤਵਰ ਲੋਕਾਂ ’ਚ ਬੈਠ ਕੇ ਮਤਭੇਦ ਸੁਲਝਾ ਲਏ ਸਨ ਪਰ ਇਸਦੇ ਬਾਵਜੂਦ ਗੁਰਦੀਪ ਸਿੰਘ ਨੇ ਆਪਣੇ ਮਨ ’ਚ ਦੁਸ਼ਮਣੀ ਰੱਖੀ ਹੋਈ ਸੀ, ਜਿਸ ਕਾਰਨ ਬੀਤੀ ਰਾਤ ਉਸ ਨੇ ਆਪਣੇ ਦੋਸਤ ਦੀਪਕ ਉਰਫ਼ ਟੈਟੂ ਨਾਲ ਮਿਲ ਕੇ ਪਹਿਲਾਂ ਉਸ ਨੂੰ ਗੱਲਬਾਤ ਵਿਚ ਉਲਝਾ ਲਿਆ ਅਤੇ ਉਸ ਤੋਂ ਬਾਅਦ ਗੁਰਦੀਪ ਸਿੰਘ ਨੇ ਗੰਡਾਸੀ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਥਾਣਾ ਸਦਰ ਦੇ ਇੰਚਾਰਜ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡਿਵੀਜ਼ਨ ਨੰਬਰ 1 ਦੀ ਤਰਫੋਂ ਆਈ.ਪੀ.ਸੀ ਦੀ ਧਾਰਾ 302, 341 ਅਤੇ 34 ਤਹਿਤ ਮੁਕੱਦਮਾ ਨੰਬਰ 23 ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

 

ਇਹ ਵੀ ਪੜ੍ਹੋ : ਪਹਿਲਾਂ ਪਰਿਵਾਰ ਨਾਲ ਖਾਧਾ ਖਾਣਾ, ਫਿਰ ਅੱਧੀ ਰਾਤ ਨੂੰ ਉੱਠ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ ਖੋਲ੍ਹਿਆ ਰਾਜ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh