ਮਹਿਰਾਜ ਵਿਖੇ ਨੌਜਵਾਨ ਦਾ ਕਤਲ

10/03/2017 12:16:02 AM

ਰਾਮਪੁਰਾ ਫੂਲ (ਸ਼ਰਮਾ)- ਨੇੜਲੇ ਪਿੰਡ ਮਹਿਰਾਜ ਦੇ ਕੋਠੇ ਮੱਲੂਆਣਾ ਵਿਖੇ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਬਲਜਿੰਦਰ ਸਿੰਘ ਉਰਫ ਬੱਬੀ ਉਮਰ 23 ਸਾਲ ਪੁੱਤਰ ਸਵ. ਬਹਾਦਰ ਸਿੰਘ ਕੋਠੇ ਮੱਲੂਆਣਾ ਜੋ ਕਿ ਸਕੂਲ ਦੇ ਕੋਲ ਇਕ ਦੁਕਾਨ 'ਤੇ ਬੈਠਾ ਸੀ ਤਾਂ ਉਥੇ ਹੀ ਇਕ ਵਿਅਕਤੀ ਹਨੇਰਾ ਹੋਣ ਦੇ ਕਾਰਨ ਨੌਜਵਾਨ ਦੇ ਸਿਰ 'ਚ ਗੋਲੀ ਮਾਰ ਕੇ ਫਰਾਰ ਹੋ ਗਿਆ।  ਲੋਕਾਂ ਮੁਤਾਬਕ ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਸਬੰਧੀ ਪੁਲਸ ਥਾਣਾ ਸਿਟੀ ਰਾਮਪੁਰਾ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਨੌਜਵਾਨ ਦੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਘਟਨਾ ਸਬੰਧੀ ਪਿੰਡ 'ਚ ਸਹਿਮ ਪਾਇਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ ਤੇ ਉਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਮ੍ਰਿਤਕ ਨੌਜਵਾਨ ਆਪਣੀ ਮਾਤਾ, ਛੋਟੇ ਭਰਾ ਅਤੇ ਦਾਦੀ ਨਾਲ ਰਹਿੰਦਾ ਸੀ। ਇਸ ਘਟਨਾ ਦੇ ਸੰਬੰਧ 'ਚ ਪੁਲਸ ਥਾਣਾ ਸਿਟੀ ਵੱਲੋਂ ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਸਿਕੰਦਰ ਸਿੰਘ ਪੁੱਤਰ ਬਹਾਦਰ ਸਿੰਘ ਦੇ ਬਿਆਨਾਂ 'ਤੇ ਮੁਲਜ਼ਮ ਯਾਦਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਹਿਰਾਜ ਦੇ ਖਿਲਾਫ ਮੁਕੱਦਮਾ ਨੰਬਰ 102, ਮਿਤੀ 1,10,2017, ਧਾਰਾ 302,25,27,54,59 ਏ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਛੋਟੇ ਭਰਾ ਨੇ ਦੱਸਿਆ ਕਿ ਮੁਲਜ਼ਮ ਯਾਦਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਭਰਾ ਦੇ ਮੁਲਜ਼ਮ ਦੀ ਘਰਵਾਲੀ ਨਾਲ ਨਾਜਾਇਜ਼ ਸੰਬੰਧ ਹਨ ਅਤੇ ਉਨ੍ਹਾਂ ਵਿਚ ਪਹਿਲਾਂ ਵੀ ਤਕਰਾਰਬਾਜ਼ੀ ਹੋ ਚੁੱਕੀ ਸੀ ਅਤੇ ਮੁਲਜ਼ਮ ਵੱਲੋਂ ਇਸ ਦੀ ਰੰਜਿਸ਼ ਰੱਖ ਰਿਹਾ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਦੋਸ਼ੀ ਹਾਲੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।