ਮੋਗਾ : ਹਫਤੇ ਅੰਦਰ 3 ਨੌਜਵਾਨ ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹੇ, ਪ੍ਰਸ਼ਾਸਨ ਹੋਇਆ ਸਖਤ

06/25/2020 10:26:57 AM

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਅੰਤਾਂ ਦੀ ਗਰਮੀ ਤੋਂ ਬਚਣ ਲਈ ਨੌਜਵਾਨਾਂ ਵਲੋਂ ਨਹਿਰਾਂ 'ਚ ਨਹਾ ਕੇ ਆਪਣੇ ਸਰੀਰ ਨੂੰ ਠੰਡਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਹਰ ਵਰ੍ਹੇ ਗਰਮੀ ਦੇ ਮੌਸਮ ਦੌਰਾਨ ਨਹਿਰਾਂ 'ਚ ਨਹਾਉਣ ਗਏ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਅਜਾਈਂ ਗਵਾ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮਾਮਲੇ ’ਤੇ ਕੋਈ ਸਖਤੀ ਨਾ ਕੀਤੇ ਜਾਣ ਕਰਕੇ ਇਹ ਵਰਤਾਰਾ ਇਸ ਤਰ੍ਹਾਂ ਹੀ ਚੱਲਦਾ ਜਾ ਰਿਹਾ ਹੈ।
‘ਜਗ ਬਾਣੀ’ ਵਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਪਿਛਲੇ ਪੰਜ ਵਰ੍ਹਿਆਂ ਦੌਰਾਨ ਪੰਜਾਬ ਦੇ ਦਰਜਨਾਂ ਨੌਜਵਾਨ ਨਹਿਰਾਂ 'ਚ ਨਹਾਉਣ ਗਏ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਹਨ। ਜ਼ਿਲ੍ਹ ਮੋਗਾ 'ਚ ਪਿਛਲੇ ਇਕ ਹਫਤੇ ਦੌਰਾਨ ਤਿੰਨ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਅਜਾਈਂ ਗਵਾਈ ਹੈ। ਕਸਬਾ ਬੱਧਣੀ ਕਲਾਂ ਨੇੜਿਓਂ ਲੰਘਦੀ ਨਹਿਰ ਦੇ ਰਣੀਆਂ ਨਜ਼ਦੀਕ ਪੈਂਦੇ ਪੁਲ ’ਤੇ ਇਕ ਨੌਜਵਾਨ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ, ਇਹ ਨੌਜਵਾਨ ਉਦੋਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ ਸੀ, ਜਦੋਂ ਕਿ ਗਰਮੀ ਤੋਂ ਰਾਹਤ ਲੈਣ ਲਈ ਨਹਿਰ ’ਤੇ ਨਹਾਉਣ ਗਿਆ ਸੀ। ਇਸ ਤਰ੍ਹਾਂ ਹੀ ਸਬ ਡਵੀਜ਼ਨ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮੰਡੀਰਾ ਨੇੜਿਉਂ ਲੰਘਦੀ ਨਹਿਰ ’ਤੇ ਵੀ ਦੋ ਨੌਜਵਾਨ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਸਨ।

ਪਿੰਡ ਰਾਊਕੇ ਕਲਾਂ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਦਾ ਕਹਿਣਾ ਸੀ ਕਿ ਨਹਿਰਾਂ ਕਿਨਾਰੇ ਨਹਾਉਣ ਜਾਣ ਵਾਲੇ ਨੌਜਵਾਨਾਂ ਨੂੰ ਰੋਕਣ ਲਈ ਜਿੱਥੇ ਮਾਪਿਆਂ ਨੂੰ ਇਹ ਸਖਤੀ ਕਰਨੀ ਚਾਹੀਦੀ ਹੈ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਨਹਾਉਣ ਤੋਂ ਰੋਕਣ ਲਈ ਬਣਦੀ ਕਾਰਵਾਈ ਕਰਨ, ਤਾਂ ਜੋ ਹਰ ਵਰ੍ਹੇ ਅਣ-ਆਈ ਮੌਤ ਮਰਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਚ ਸਕਣ। ਪਿੰਡ ਬੀੜ ਰਾਊਕੇ ਦੇ ਸਮਾਜਿਕ ਆਗੂ ਗੁਰਚਰਨ ਸਿੰਘ ਬੀੜ ਰਾਊਕੇ ਦਾ ਕਹਿਣਾ ਸੀ ਕਿ ਮਾਪਿਆਂ ਦੇ ਬੈਠੇ ਇਸ ਤਰ੍ਹਾਂ ਨੌਜਵਾਨਾਂ ਦਾ ਸਦਮਾ ਪਰਿਵਾਰਾਂ ਲਈ ਅਸਹਿ ਤੇ ਅਕਹਿ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਪ੍ਰਸ਼ਾਸਨ ਨੂੰ ਜਾਗਰੂਕਤਾ ਮੁਹਿੰਮ ਵਿੱਢਣ ਦੇ ਨਾਲ-ਨਾਲ ਸਖਤੀ ਵੀ ਵਰਤਣੀ ਚਾਹੀਦੀ।
ਡੂੰਘਾਈ ਨਾਪੇ ਬਿਨ੍ਹਾਂ ਹੀ ਪਾਣੀ 'ਚ ਪੁੱਠੀਆ ਛਾਲਾ ਮਾਰਦੇ ਨੇ ਨੌਜਵਾਨ
ਝੋਨੇ ਦਾ ਸੀਜ਼ਨ ਹੋਣ ਕਰਕੇ ਹੁਣ ਜਦੋਂ ਡੈਮਾ ਤੋਂ ਵਧੇਰੇ ਪਾਣੀ ਨਹਿਰਾਂ 'ਚ ਸਿੰਚਾਈ ਲਈ ਛੱਡਿਆ ਗਿਆ ਹੈ ਤਾਂ ਇਸ ਦਰਮਿਆਨ ਨਹਿਰਾਂ 'ਚ ਪਹਿਲਾਂ ਨਾਲੋਂ ਜ਼ਿਆਦਾ ਪਾਣੀ ਦਿਖਾਈ ਦਿੰਦਾ ਹੈ। ਮੋਗਾ ਜ਼ਿਲ੍ਹੇ 'ਚੋਂ ਲੰਘਦੀਆਂ ਅਬੋਹਰ ਬ੍ਰਾਂਚ ਨਹਿਰਾਂ 'ਚ ਵੀ ਇਹ ਦੇਖਿਆ ਗਿਆ ਹੈ ਕਿ ਪਹਿਲਾਂ ਨਾਲੋਂ ਪਾਣੀ ਵਧੇਰੇ ਹੈ। ਪਤਾ ਲਗਾ ਹੈ ਕਿ ਨੌਜਵਾਨ ਪਾਣੀ ਦੀ ਡੂੰਘਾਈ ਨਾਪੇ ਬਿਨ੍ਹਾਂ ਹੀ ਨਹਿਰਾਂ 'ਚ ਨਹਾਉਣ ਜਾਂਦੇ ਹਨ ਤੇ ਕਈ ਵਾਰ ਸਰੀਰਕ ਸੰਤੁਲਨ ਵਿਗੜਨ ਕਰਕੇ ਕੁੱਝ ਨੌਜਵਾਨ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਜਾਂਦੇ ਹਨ।
 

Babita

This news is Content Editor Babita