ਦੂਜੇ ਦਿਨ ਜਲੰਧਰ ’ਚ ਫਿਰ ਵਾਰਦਾਤ, ਦੋਸਤਾਂ ਨੂੰ ਦਿਖਾਉਣ ਲਈ ਕੱਢਿਆ ਦੇਸੀ ਕੱਟਾ, ਗੋਲ਼ੀ ਚੱਲਣ ਨਾਲ ਨੌਜਵਾਨ ਦੀ ਮੌਤ

06/22/2021 12:19:56 PM

ਜਲੰਧਰ (ਸ਼ੋਰੀ) : ਲੱਗਦਾ ਹੈ ਕਿ ਮਹਾਨਗਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ, ਜਿਹੜਾ ਹੁਣ ਸੁਰੱਖਿਅਤ ਨਹੀਂ ਰਿਹਾ। ਪਹਿਲਾਂ ਗੋਲ਼ੀਆਂ ਮਾਰ ਕੇ ਸਾਬਕਾ ਕੌਂਸਲਰ ਦਾ ਕਤਲ ਹੁੰਦਾ ਹੈ ਤਾਂ 24 ਘੰਟਿਆਂ ਅੰਦਰ ਹੀ ਇਲਾਕੇ ਵਿਚ ਗੋਲ਼ੀ ਚੱਲਣ ਦੀ ਦੂਜੀ ਵਾਰਦਾਤ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਕਿਸ਼ਨਪੁਰਾ ਦੇ ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲੀ ਦੇ ਦਫ਼ਤਰ ਦੇ ਨਾਲ ਲੱਗਦੀ ਗਲੀ ਵਿਚ ਇਕ ਨੌਜਵਾਨ ਗੋਲ਼ੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਉਸਦੇ ਸਾਥੀ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਆਏ ਪਰ ਉਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਦਾ ਕਹਿਣਾ ਸੀ ਕਿ ਹਸਪਤਾਲ ਲੇਟ ਲਿਆਉਣ ਕਾਰਨ ਨੌਜਵਾਨ ਦਾ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ, ਜਿਸ ਕਾਰਣ ਉਸ ਦੀ ਮੌਤ ਹੋਈ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਧੜ ਤੋਂ ਵੱਖ ਹੋਇਆ ਸਿਰ ਦੇਖ ਕੰਬੇ ਲੋਕ

ਉਧਰ ਘਟਨਾ ਸਥਾਨ ’ਤੇ ਥਾਣਾ ਰਾਮਾ ਮੰਡੀ ਅਤੇ ਥਾਣਾ ਨੰਬਰ 3 ਦੇ ਐੱਸ. ਐੱਚ. ਓ. ਜਾਂਚ ਕਰ ਰਹੇ ਸਨ। ਐੱਸ. ਐੱਚ. ਓ. ਰਾਮਾ ਮੰਡੀ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਦੱਸਿਆ ਜਾ ਰਿਹਾ ਹੈ ਕਿ ਥਾਣਾ ਨੰਬਰ 3 ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਹੱਦਬੰਦੀ ਕਾਰਨ ਆਪਸ ਵਿਚ ਉਲਝਦੀਆਂ ਰਹੀਆਂ। ਦੇਰ ਰਾਤ ਤਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਹੈਪੀ ਖ਼ਿਲਾਫ਼ ਕਰੀਬ 3-4 ਕੇਸ ਦਰਜ ਹਨ ਅਤੇ ਉਹ ਇਕ ਕੇਸ ਵਿਚ ਪੁਲਸ ਨੂੰ ਲੋੜੀਂਦਾ ਸੀ। ਹੈਪੀ ਮੂਲ ਤੌਰ ’ਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਉਹ ਸੁੱਚੀ ਪਿੰਡ ਨੇੜੇ ਰਹਿੰਦਾ ਸੀ।

ਇਹ ਵੀ ਪੜ੍ਹੋ : ਨਹੀਂ ਨਸੀਬ ਹੋਈਆਂ ਖ਼ੁਸ਼ੀਆਂ, ਪੁਰਤਗਾਲ ਦੀ ਸਿਟੀਜ਼ਨਸ਼ਿਪ ਮਿਲਣ ਤੋਂ ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ

ਉਹ ਆਪਣੇ ਪਰਿਵਾਰ ਨਾਲ ਨਹੀਂ, ਸਗੋਂ ਦੋਸਤਾਂ ਨਾਲ ਕਿਸ਼ਨਪੁਰਾ ਵਿਚ ਰਹਿ ਰਿਹਾ ਸੀ। ਜਿਸ ਕਮਰੇ ਵਿਚ ਉਹ ਰਹਿੰਦਾ ਸੀ, ਉਥੇ ਗਲਤੀ ਨਾਲ ਹਥਿਆਰ ਵਿਚੋਂ ਗੋਲੀ ਚੱਲ ਗਈ, ਜੋ ਉਸਦੇ ਗਲੇ ਵਿਚ ਲੱਗੀ। ਉਸਦੇ ਦੋਸਤ ਇੰਦਰਜੀਤ ਅਤੇ ਇਕ ਹੋਰ ਨੌਜਵਾਨ ਉਸ ਨੂੰ ਤੁਰੰਤ ਸਕੂਟਰੀ ’ਤੇ ਹਸਪਤਾਲ ਲਿਆਏ, ਜਿਥੇ ਹੈਪੀ ਦੀ ਮੌਤ ਹੋਣ ਕਾਰਨ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਜਾਂਚ ਕਰ ਰਹੀ ਹੈ ਕਿ ਜਿਸ ਹਥਿਆਰ ਵਿਚੋਂ ਗੋਲੀ ਚੱਲੀ, ਉਹ ਨਾਜਾਇਜ਼ ਸੀ ਜਾਂ ਲਾਇਸੈਂਸੀ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਗੰਦੇ ਨਾਲੇ ’ਚ ਪਈ ਬੋਰੀ ’ਚੋਂ ਮਿਲੀ ਨੌਜਵਾਨ ਦੀ ਲਾਸ਼, ਦੇਖ ਸਹਿਮੇ ਲੋਕ

ਹੈਪੀ ਦੀ ਜੇਬ ’ਚੋਂ ਨਿਕਲੇ 3 ਜ਼ਿੰਦਾ ਕਾਰਤੂਸ
ਹਸਪਤਾਲ ਵਿਚ ਹੈਪੀ ਦਾ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਤਾਂ ਉਸ ਦੀ ਤਲਾਸ਼ੀ ਦੌਰਾਨ ਜੇਬ ਵਿਚੋਂ 3 ਜ਼ਿੰਦਾ ਕਾਰਤੂਸ ਨਿਕਲੇ, ਜਿਹੜੇ ਦੇਖ ਕੇ ਸਿਹਤ ਸਟਾਫ ਹੈਰਾਨ ਹੋ ਗਿਆ। ਡਾਕਟਰ ਨੇ ਤੁਰੰਤ ਹਸਪਤਾਲ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਬੁਲਾ ਕੇ ਕਾਰਤੂਸ ਉਨ੍ਹਾਂ ਦੇ ਹਵਾਲੇ ਕੀਤੇ। ਉਕਤ ਪੁਲਸ ਮੁਲਾਜ਼ਮਾਂ ਨੇ ਇਹ ਕਾਰਤੂਸ ਥਾਣਾ ਨੰਬਰ 4 ਦੇ ਐੱਸ. ਐੱਚ. ਓ. ਰਾਕੇਸ਼ ਕੁਮਾਰ ਦੇ ਹਵਾਲੇ ਕਰ ਦਿੱਤੇ। ਸਾਰੀ ਗੱਲ ਦਾ ਖ਼ੁਲਾਸਾ ਫ਼ਰਾਰ ਇੰਦਰਜੀਤ ਅਤੇ ਉਸਦੇ ਸਾਥੀ ਨੂੰ ਪੁਲਸ ਹਿਰਾਸਤ ਵਿਚ ਲੈਣ ’ਤੇ ਹੋਵੇਗਾ।

ਇਹ ਵੀ ਪੜ੍ਹੋ : ਹਾਈਕਮਾਂਡ ਦੀ ਚੁੱਪੀ ’ਤੇ ਟੁੱਟਿਆ ਸਿੱਧੂ ਦੇ ਸਬਰ ਦਾ ਬੰਨ੍ਹ, ਫਿਰ ਖੋਲ੍ਹਿਆ ਕੈਪਟਨ ਖ਼ਿਲਾਫ਼ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh