18 ਸਾਲਾਂ ਦੇ ਮੁੰਡੇ ਨੂੰ UP ਤੋਂ ਖਿੱਚ ਲਿਆਈ ਮੌਤ, ਤੜਫਦੇ ਹੋਏ ਨੇ ਹਾਰੀ ਜ਼ਿੰਦਗੀ ਦੀ ਬਾਜ਼ੀ

07/27/2022 2:06:46 PM

ਲੁਧਿਆਣਾ (ਸਲੂਜਾ/ਰਾਜ/ਮੁਕੇਸ਼) : ਫੋਕਲ ਪੁਆਇੰਟ ਫੇਜ਼-8 ਸਥਿਤ ਉੱਤਮ ਨਗਰ ਮੀਤੀ ਲਾਲ ਦੇ ਵਿਹੜੇ ਵਿਖੇ ਬਣੇ ਕੁਆਰਟਰਾਂ ਦੀ ਛੱਤ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਨੀ (18) ਵੱਜੋਂ ਹੋਈ, ਜੋ ਕਿ ਰਾਏ-ਬਰੇਲੀ ਦੇ ਮੇਜਰਗੰਜ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ 4 ਦਿਨ ਪਹਿਲਾਂ ਹੀ ਲੁਧਿਆਣਾ ਵਿਖੇ ਕੰਮ ਦੀ ਭਾਲ ’ਚ ਆਪਣੇ ਦੌਸਤ ਨਾਲ ਆਇਆ ਸੀ। ਹਾਦਸਾ ਬੀਤੀ ਰਾਤ ਦਾ ਦੱਸਿਆ ਜਾਂਦਾ ਹੈ। ਮ੍ਰਿਤਕ ਦੇ ਦੋਸਤ ਸੰਜੀਤ ਨੇ ਕਿਹਾ ਕਿ ਸੰਨੀ ਉਸ ਦੇ ਨਾਲ 4 ਦਿਨ ਪਹਿਲਾਂ ਹੀ ਘਰ ਤੋਂ ਆਇਆ ਸੀ।

ਇਹ ਵੀ ਪੜ੍ਹੋ : NGT ਦੀ ਵੱਡੀ ਕਾਰਵਾਈ : ਲੁਧਿਆਣਾ ਨਗਰ ਨਿਗਮ ਨੂੰ ਠੋਕਿਆ 100 ਕਰੋੜ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ

ਉਨ੍ਹਾਂ ਕੋਲ ਹਾਲੇ ਨਾ ਤਾਂ ਰਹਿਣ ਦਾ ਕੋਈ ਇੰਤਜ਼ਾਮ ਸੀ ਤੇ ਨਾ ਹੀ ਪੈਸਿਆਂ ਦਾ। ਅਜਿਹੇ ’ਚ ਮ੍ਰਿਤਕ ਸੰਨੀ ਦੇ ਪਹਿਲੇ ਤੋਂ ਜਾਣਕਾਰ ਰਹੇ ਰਸ਼ੀਦ ਆਲਮ ਨੇ ਉਸ ਨੂੰ ਕਿਹਾ ਕਿ ਜਦੋਂ ਤੱਕ ਤੁਹਾਡੇ ਰਹਿਣ ਦਾ ਜਾਂ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਹੋ ਜਾਂਦਾ, ਤੁਸੀਂ ਉਸ ਨਾਲ ਰਹਿ ਸਕਦੇ ਹੋ। ਇਸ ਦੌਰਾਨ ਸੰਨੀ ਨੂੰ ਨੇੜੇ ਹੀ ਇਕ ਫੈਕਟਰੀ ਵਿਖੇ ਪ੍ਰੈੱਸਮੈਨ ਦਾ ਕੰਮ ਮਿਲ ਗਿਆ। ਕੰਮ ਮਿਲਣ ਕਾਰਨ ਸੰਨੀ ਬਹੁਤ ਖੁਸ਼ ਸੀ ਉਸ ਨੇ ਕੁੱਝ ਖ਼ਰੀਦਦਾਰੀ ਵੀ ਕੀਤੀ। ਰਸ਼ੀਦ, ਸੰਜੀਤ ਨੇ ਕਿਹਾ ਕਿ ਰਾਤ ਨੂੰ ਸੰਨੀ ਮੋਬਾਇਲ ’ਤੇ ਗੱਲ ਕਰਦਾ ਹੋਇਆ ਕਦੋਂ ਛੱਤ ’ਤੇ ਚਲਾ ਗਿਆ ਪਤਾ ਹੀ ਨਹੀਂ ਲੱਗਾ। ਵਿਹੜੇ ਉੱਪਰ ਬਣੇ ਹੋਏ ਕਮਰਿਆਂ ਦੀ ਛੱਤ ’ਤੇ ਜਾਣ ਲਈ ਕੋਈ ਪੌੜੀ ਵੀ ਨਹੀਂ ਹੈ। ਬੜੀ ਹੈਰਾਨੀ ਦੀ ਗੱਲ ਹੈ ਉਹ ਛੱਤ ਉੱਪਰ ਕਿਵੇਂ ਚੜ੍ਹ ਗਿਆ। ਰਾਤ 9 ਵਜੇ ਕਰੀਬ ਜ਼ੋਰਦਾਰ ਧਮਾਕਾ ਹੋਇਆ। ਲੋਕਾਂ ਦਾ ਰੌਲਾ ਸੁਣ ਕੇ ਉਹ ਲੋਕ ਬਾਹਰ ਵੱਲ ਦੌੜੇ।

ਇਹ ਵੀ ਪੜ੍ਹੋ : ਜਗਰਾਓਂ ਦੇ SSP ਦਫ਼ਤਰ 'ਚ ਚੱਲੀ AK-47, ਥਾਣੇਦਾਰ ਦੀ ਮੌਤ (ਵੀਡੀਓ)

ਆਲੇ-ਦੁਆਲੇ ਬਣੇ ਹੋਏ ਘਰਾਂ ਦੀਆਂ ਛੱਤਾਂ ਤੋਂ ਲੋਕਾਂ ਨੇ ਦੇਖਿਆ ਕਿ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਬੁਰੀ ਤਰ੍ਹਾਂ ਸੜ ਰਿਹਾ ਸੀ। ਕੁੱਝ ਲੋਕਾਂ ਨੇ ਹਿੰਮਤ ਕਰ ਕੇ ਡਾਂਗਾਂ ਨਾਲ ਸੜ ਰਹੇ ਨੌਜਵਾਨ ਨੂੰ ਪਰੇ ਕਰ ਕੇ ਹੇਠਾਂ ਉਤਾਰਿਆ ਪਰ ਬੁਰੀ ਤਰ੍ਹਾਂ ਸੜਨ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਸ ਦੀ ਸ਼ਹਿ ’ਤੇ ਹੋ ਰਹੇ ਨੇ ਬਿਜਲੀ ਦੀਆਂ ਤਾਰਾਂ ਹੇਠ ਕਬਜ਼ੇ
ਦੂਜੇ ਪਾਸੇ ਸੂਤਰਾਂ ਮੁਤਾਬਕ ਉੱਤਮ ਨਗਰ ਵਿਖੇ ਨਟਵਰਲਾਲ ਕਿਸਮ ਦੇ ਲੋਕ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਵਾ ਰਹੇ ਹਨ ਤੇ ਮੋਟੀ ਕਮਾਈ ਕਰ ਰਹੇ ਹਨ। ਮਹਾਨਗਰ ਵਿਖੇ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰਨ ਦੇ ਬਾਵਜੂਦ ਵਿਭਾਗ ਦੇ ਅਧਿਕਾਰੀ ਤੰਬੂ ਤਾਣ ਕੇ ਸੁੱਤੇ ਪਏ ਹਨ, ਕਿਸ ਦੀ ਸ਼ਹਿ ’ਤੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਹੇਠ ਨਾਜਾਇਜ਼ ਕਬਜ਼ੇ ਹੁੰਦੇ ਹਨ। ਸਮੇਂ ’ਤੇ ਜੇਕਰ ਵਿਭਾਗ ਦੇ ਅਧਿਕਾਰੀ ਕਾਰਵਾਈ ਕਰਨ ਤਾਂ ਸ਼ਾਇਦ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ ਪਰ ਵਿਭਾਗ ਦੇ ਅਫਸਰਾਂ ਨੂੰ ਕੋਈ ਪਰਵਾਹ ਨਹੀਂ। ਜਦੋਂ ਕਦੇ ਅਫ਼ਸਰਾਂ ਤੋਂ ਹੋ ਰਹੇ ਨਾਜਾਇਜ਼ ਕਬਜ਼ਿਆਂ ਬਾਬਤ ਪੁੱਛਿਆ ਗਿਆ ਤਾਂ ਅਫ਼ਸਰ ਲੋਕ ਇਕ-ਦੂਜੇ ਦਾ ਡਿਪਾਰਟਮੈਂਟ ਆਖ ਕੇ ਪੱਲਾ ਝਾੜ ਲੈਂਦੇ ਹਨ, ਜੋ ਕਿ ਦਾਲ ’ਚ ਕਾਲਾ ਹੋਣ ਪਾਸੇ ਇਸ਼ਾਰਾ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News