ਅਚਾਨਕ ਪੈਰ ਫਿਸਲਣ ਨਾਲ ਨੌਜਵਾਨ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ

05/11/2021 5:33:17 PM

ਟਾਂਡਾ ਉੜਮੁੜ (ਕੁਲਦੀਸ਼) : ਬਲਾਕ ਟਾਂਡਾ ਦੇ ਪਿੰਡ ਤੱਲਾਂ ਵਿਖੇ ਇਕ ਨੌਜਵਾਨ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਪਾਲ(43) ਪੁੱਤਰ ਪ੍ਰਕਾਸ਼ ਵਾਸੀ ਪਿੰਡ ਤੱਲਾ ਵੱਜੋਂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੱਤੋ ਪਤਨੀ ਜਸਪਾਲ ਨੇ ਦੱਸਿਆ ਕਿ ਅੱਜ ਸਵੇਰੇ ਉਹ ਆਪਣੇ ਪਤੀ ਅਤੇ ਧੀ ਨਾਲ ਪਿੰਡ ਦੇ ਬਾਹਰ ਆਪਣੀ ਹਵੇਲੀ ਵਿਚ ਮੌਜੂਦ ਸੀ, ਜੋ ਕਿ ਪਿੰਡ ਦੇ 15 ਫੁੱਟ ਡੂੰਘੇ ਵੱਡੇ ਛੱਪੜ ਦੇ ਬਿਲਕੁਲ ਨਾਲ ਹੀ ਹੈ।

ਉਸ ਨੇ ਦੱਸਿਆ ਕਿ ਉਸ ਦਾ ਪਤੀ  ਮਿਹਨਤ-ਮਜ਼ਦੂਰੀ ਕਰਦਾ ਸੀ। ਉਹ ਪਸ਼ੂਆਂ ਦੇ ਚਾਰੇ ਲਈ ਪੱਠੇ ਵੱਢਣ ਲਈ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਛੱਪੜ ਵਿੱਚ ਡਿਗ ਗਿਆ। ਛੱਪੜ ਡੂੰਘਾ ਅਤੇ ਵਿੱਚ ਗਾਰ ਹੋਣ ਦੇ ਕਾਰਨ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਜਸਪਾਲ ਬਾਹਰ ਨਹੀਂ ਨਿਕਲ ਸਕਿਆ ਅਤੇ ਵਿਁਚ ਹੀ ਰਹਿ ਗਿਆ। ਸੂਚਨਾ ਮਿਲਦੇ ਸਾਰ ਹੀ ਟਾਂਡਾ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਅਧਿਕਾਰੀ ਪੁੱਜ ਗਏ ਅਤੇ ਲਾਸ਼ ਨੂੰ ਕੱਢਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਅਖ਼ੀਰ ਚਾਰ ਘੰਟੇ ਬਾਅਦ ਦਸੂਹਾ ਤਹਿਸੀਲ ਦੇ ਗੋਤਾਖੋਰ ਗੁਰਦੀਪ ਸਿੰਘ ਸਿਕੰਦਰ ਅਤੇ ਵਿਸ਼ਾਲ ਨੇ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਐਸ. ਐਚ. ਓ. ਟਾਂਡਾ ਬਿਕਰਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਾਨੂੰਗੋ ਹਰਜਿੰਦਰ ਸਿੰਘ,ਪਟਵਾਰੀ ਦਵਿੰਦਰ ਸਿੰਘ, ਸੰਗਤ ਸਿੰਘ, ਜਸਵੀਰ ਸਿੰਘ, ਸਰਪੰਚ ਬਲਦੇਵ ਸਿੰਘ, ਜਸਵੰਤ ਸਿੰਘ ਮੌਕੇ 'ਤੇ ਮੌਜੂਦ ਸਨ।       

Babita

This news is Content Editor Babita