ਲੱਚਰ ਤੇ ਦੋ ਅਰਥੀ ਗਾਇਕੀ ਨੂੰ ਰੋਕਣ ਲਈ ਲੋਕ ਖੁਦ ਪਹਿਲ ਕਦਮੀ ਕਰਨ : ਟੋਨੀ ਧੁਆਂਖੇ

02/19/2018 11:34:33 AM

ਕਪੂਰਥਲਾ (ਮੱਲ੍ਹੀ)-ਪੈਸਿਆਂ ਦੇ ਲਾਲਚ 'ਚ ਆ ਕੇ ਕੁਝ ਨੌਜਵਾਨ, ਗਾਇਕ ਲੱਚਰ ਤੇ ਦੋ ਅਰਥੀ ਗੀਤ ਗਾਉਣ ਦੇ ਨਾਲ-ਨਾਲ ਗੀਤਾਂ ਦੇ ਫਿਲਮਾਂਕਣ 'ਚ ਨੰਗੇਜਵਾਦ ਪੇਸ਼ ਕਰ ਰਹੇ ਹਨ, ਜਿਨ੍ਹਾਂ ਦਾ ਸਮਾਜ ਦੇ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ। ਇਹ ਸ਼ਬਦ ਨੌਜਵਾਨ ਸਮਾਜ ਸੇਵਕ ਤੇ ਯੂਥ ਕਾਂਗਰਸ ਨੇਤਾ ਗੁਰਕੰਵਲ ਸਿੰਘ ਉਰਫ ਟੋਨੀ ਧੁਆਂਖੇ ਨੇ ਕਹੇ। ਉਨ੍ਹਾਂ ਕਿਹਾ ਕਿ ਗੀਤਾਂ 'ਚ ਦੋ ਅਰਥੀ ਅਸ਼ਲੀਲਤਾ ਵਾਲੇ ਸ਼ਬਦ, ਸ਼ਰਾਬ ਤੇ ਹੱਥਿਆਰਾਂ ਦੀ ਪੇਸ਼ਕਾਰੀ ਦੇ ਨਾਲ-ਨਾਲ ਹਿੰਸਕ ਤੇ ਗੀਤਾਂ ਦੇ ਵੀਡੀਓ ਫਿਲਮਾਂਕਣ 'ਚ ਨੰਗੇਜਵਾਦ ਪੇਸ਼ ਕੀਤਾ ਜਾ ਰਿਹਾ ਹੈ, ਜੋ ਸਾਡੇ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਢਾਅ ਲਾਉਣ ਦੇ ਨਾਲ-ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਗੁੰਮਰਾਹ ਕਰ ਰਿਹਾ ਹੈ, ਜਿਸ ਨੂੰ ਸਮੇਂ ਸਿਰ ਰੋਕਣ ਦੀ ਲੋੜ ਹੈ।  ਗੁਰਸਿੱਖ ਸੁਖਜਿੰਦਰ ਸਿੰਘ ਧਾਲੀਵਾਲ ਤੇ ਰਣਜੀਤ ਸਿੰਘ ਚਾਹਲ ਨੇ ਕਿਹਾ ਕਿ ਹਿੰਸਕ ਗਾਇਕੀ ਕਾਰਨ ਅੱਜ ਸਮਾਜ 'ਚ ਨੌਜਵਾਨ ਮੁੰਡੇ ਕੁੜੀਆਂ ਗੁੰਮਰਾਹ ਹੋ ਕੇ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੇ ਹਨ ਤੇ ਨਿੱਤ ਨਵੇਂ ਦਿਨ ਸਮਾਜ 'ਚ ਅਣ-ਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ।  ਸਮਾਜ ਸੇਵਕ ਤੇ ਚਿੰਤਕ ਸਤਨਾਮ ਨਾਗੀ, ਸੁਖਵਿੰਦਰ ਸਿੰਘ ਮੱਲ੍ਹੀ, ਦਲੇਰ ਸਿੰਘ ਚੀਮਾ, ਸ਼ਿੰਦਰ ਪਾਲ ਮਾਲਕੋ, ਅਮਰਜੀਤ ਸਿੰਘ ਮੱਲ, ਬੂਟਾ ਰਾਮ ਗਿੱਲ ਤੇ ਸੁਖਵਿੰਦਰ ਸਿੰਘ ਸੁੱਖਾ ਆਦਿ ਨੇ ਸਮੇਂ ਦੀ ਸੂਬਾ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ 'ਚ ਅਪੀਲ ਕੀਤੀ ਕਿ ਉਹ ਲੱਚਰ ਗਾਇਕੀ, ਅਸ਼ਲੀਲਤਾ ਪੇਸ਼ ਕਰਨ ਵਾਲੇ ਗਾਇਕਾਂ ਤੇ ਅਦਾਕਾਰਾਂ ਖਿਲਾਫ ਸਖ਼ਤ ਕਾਰਵਾਈ ਕਰੇ।