ਜਲਾਲਾਬਾਦ : ਯੂਥ ਕਾਂਗਰਸ ਚੋਣਾਂ ''ਚ ਮੱਠਾ ਰਿਹਾ ਯੂਥ ਦਾ ਜੋਸ਼, 8282 ''ਚੋਂ ਪੋਲ ਹੋਈਆਂ 945 ਵੋਟਾਂ

12/06/2019 5:16:53 PM

ਜਲਾਲਾਬਾਦ (ਸੇਤੀਆ, ਸੁਮਿਤ) : ਯੂਥ ਕਾਂਗਰਸ ਦੀਆਂ ਅਹੁਦੇਦਾਰੀਆਂ ਨੂੰ ਲੈ ਕੇ ਜਲਾਲਾਬਾਦ ਦੀ ਚਾਂਦੀ ਰਾਮ ਧਰਮਸ਼ਾਲਾ 'ਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ ਹੈ। ਸਵੇਰੇ 8 ਵਜੇ ਤੋਂ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਅਤੇ ਬਾਅਦ ਦੁਪਿਹਰ 3 ਵਜੇ ਤੱਕ ਵੋਟਾਂ ਪੋਲ ਹੋਣ ਦਾ ਕੰਮ ਮੁਕੰਮਲ ਹੋਇਆ। ਇਨ੍ਹਾਂ ਵੋਟਾਂ ਦੇ ਕੰਮ ਨੂੰ ਨਿਪਰੇ ਚਾੜ੍ਹਣ ਲਈ ਪੁਲਸ ਵਲੋਂ ਵੱਡੀ ਗਿਣਤੀ ਵਿਚ ਕਰਮਚਾਰੀ ਤਾਨਾਤ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ, ਜਨਰਲ ਸਕੱਤਰ, ਜ਼ਿਲਾ ਪ੍ਰਧਾਨ, ਜ਼ਿਲਾ ਜਨਰਲ ਸਕੱਤਰ ਅਤੇ ਬਲਾਕ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਥਾਨਕ ਚਾਂਦੀ ਰਾਮ ਧਰਮਸ਼ਾਲਾ 'ਚ ਹਲਕਾ ਜਲਾਲਾਬਾਦ ਨਾਲ ਸਬੰਧਤ ਯੂਥ ਵੋਟਰਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਗਿਆ ਪਰ ਇਸ ਵੋਟਿੰਗ ਪ੍ਰਕ੍ਰਿਆ 'ਚ ਯੂਥ ਨੇ ਕੋਈ ਖਾਸਾ ਉਤਸ਼ਾਹ ਨਹੀਂ ਦਿਖਾਇਆ ਜਿਸ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਲਕੇ ਦੇ ਕੁੱਲ 8282 ਵੋਟਰਾਂ 'ਚ ਸਿਰਫ 945 ਨੌਜਵਾਨਾਂ ਨੇ ਹੀ ਵੋਟਾਂ ਪੋਲ ਕੀਤੀਆਂ।  

ਉਧਰ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਪਾਰਟੀ ਵਲੋਂ ਨਿਯੁਕਤ ਹੰਸ ਰਾਜ ਵਰਿਸ਼ਟ ਨੇ ਦੱਸਿਆ ਕਿ ਜਲਾਲਾਬਾਦ ਬਲਾਕ ਅੰਦਰ ਯੂਥ ਦੀਆਂ ਚੋਣਾਂ ਦੀਆਂ ਅਲੱਗ-ਅਲੱਗ ਅਹੁਦੇਦਾਰੀਆਂ ਨੂੰ ਲੈ ਕੇ ਵੋਟਿੰਗ ਪ੍ਰਕ੍ਰਿਆ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕਰਵਾਇਆ ਗਿਆ ਸੀ ਅਤੇ ਇਹ ਕੰਮ ਸਵੇਰੇ ਤਿੰਨ ਵਜੇ ਮੁਕੰਮਲ ਕਰ ਲਿਆ ਗਿਆ। ਜਿਸ ਵਿਚ ਜਲਾਲਾਬਾਦ ਹਲਕੇ ਅੰਦਰ ਕੁੱਲ 8282 ਵੋਟਾਂ 'ਚ 945 ਵੋਟਾਂ ਪੋਲ ਹੋਈਆਂ ਹਨ ਅਤੇ ਇਹ ਵੋਟਾਂ ਪਵਾਉਣ ਦਾ ਕੰਮ ਪੂਰੇ ਸ਼ਾਂਤੀ ਤਰੀਕੇ ਨਾਲ ਨਿਪਰੇ ਚਾੜ੍ਹਿਆ ਗਿਆ ਹੈ। 

ਭਾਵੇਂ ਹਾਈਕਮਾਨ ਵਲੋਂ ਯੂਥ ਦੀਆਂ ਚੋਣਾਂ ਪਾਰਟੀ ਦੀ ਮਜ਼ਬੂਤੀ ਲਈ ਬਣਾਈਆਂ ਗਈਆਂ ਹਨ ਤਾਂਕਿ ਯੂਥ ਦੀ ਚੋਣ ਜਿੱਤਣ ਵਾਲੇ ਨੌਜਵਾਨ ਪਾਰਟੀ ਦੀ ਸੇਵਾ ਕਰ ਸਕਣ ਪਰ ਕਿਧਰੇ ਕਿਧਰੇ ਇਨ੍ਹਾਂ ਚੋਣਾਂ ਵਿਚ ਆਪਸੀ ਗੁੱਟਬੰਦੀ ਖੁੱਲ ਕੇ ਸਾਹਮਣੇ ਆਉਂਦੀ ਹੈ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪਾਰਟੀ ਦੇ ਕਈ ਨੇਤਾ ਗੁਰੇਜ ਨਹੀਂ ਕਰਦੇ ਹਨ। ਜਲਾਲਾਬਾਦ 'ਚ ਭਾਵੇਂ ਵੋਟਾਂ ਪੈਣ ਦਾ ਕੰਮ ਅਮਨਸ਼ਾਂਤੀ ਨਾਲ ਸੰਪੰਨ ਹੋਇਆ ਪਰ ਆਪਸੀ ਗੁੱਟਬਾਜ਼ੀ ਜ਼ਰੂਰ ਦੇਖਣ ਨੂੰ ਮਿਲੀ।

Gurminder Singh

This news is Content Editor Gurminder Singh