ਯੂਥ ਅਕਾਲੀ ਦਲ ਨੇ ‘ਰਿਹਾਈ’ ਤੇ SYL ਗੀਤਾਂ ’ਤੇ ਪਾਬੰਦੀ ਖ਼ਿਲਾਫ਼ ਪੰਜਾਬ ਭਰ ’ਚ ਕੱਢੇ ਟਰੈਕਟਰ ਮਾਰਚ

07/15/2022 7:06:54 PM

ਚੰਡੀਗੜ੍ਹ (ਬਿਊਰੋ) : ਯੂਥ ਅਕਾਲੀ ਦਲ ਦੇ ਵਰਕਰਾਂ ਨੇ ਅੱਜ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਤੇ ਕੰਵਰ ਗਰੇਵਾਲ ਦੇ ਗੀਤਾਂ SYL ਅਤੇ ਰਿਹਾਈ ’ਤੇ ਪਾਬੰਦੀ ਲਾਉਣ ਦੇ ਖ਼ਿਲਾਫ਼ ਪੰਜਾਬ ’ਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਟਰੈਕਟਰ ਮਾਰਚ ਕੱਢੇ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪ ਕੇ ਇਹ ਪਾਬੰਦੀ ਖ਼ਤਮ ਕਰਨ ਦੀ ਮੰਗ ਕੀਤੀ ਗਈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਲਾਊਡ ਸਪੀਕਰਾਂ ’ਤੇ ਦੋਵੇਂ ਗੀਤ ਵਜਾ ਕੇ ਗਾਇਕਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਟਰੈਕਟਰ ਮਾਰਚ ਕੱਢਿਆ ਤੇ ਮੰਗ ਕੀਤੀ ਕਿ ਦੋਵਾਂ ਗਾਣਿਆਂ ’ਤੇ ਪਾਬੰਦੀ ਖ਼ਤਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ’ਤੇ ਭਾਰੀ ਮੀਂਹ ਕਾਰਨ ਸਿਰਫ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਹੀ ਸੌਂਪੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਬਾਰੇ ਵਿਵਾਦਿਤ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਸਿਮਰਨਜੀਤ ਮਾਨ, ‘ਆਪ’ ਨੇ ਖੋਲ੍ਹਿਆ ਮੋਰਚਾ

ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਗੀਤਾਂ ’ਚ ਬੰਦੀ ਸਿੰਘਾਂ ਤੇ ਐੱਸ. ਵਾਈ. ਐੱਲ. ਨਹਿਰ ਨੂੰ ਲੈ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਗੀਤਾਂ ’ਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਰਿਹਾਈ’ ਗੀਤ ਉਮਰਕੈਦ ਪੁਗਾ ਚੁੱਕੇ ਬੰਦੀ ਸਿੰਘਾਂ ਬਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਇਸ ’ਚ ਬੰਦੀ ਸਿੰਘਾਂ ਲਈ ਨਿਆਂ ਦੀ ਗੱਲ ਕੀਤੀ ਗਈ ਹੈ। ਇਹ ਗੀਤ ਦੇਸ਼ ਰਿਵੋਧੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਐੱਸ. ਵਾਈ. ਐੱਲ. ਗੀਤ ’ਚ ਇਹ ਗੱਲ ਕੀਤੀ ਗਈ ਹੈ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਵਾਸਤੇ ਇਕ ਬੂੰਦ ਪਾਣੀ ਵੀ ਫਾਲਤੂ ਨਹੀਂ ਹੈ ਤੇ ਪੰਜਾਬੀ ਬੀਤੇ ਸਮੇਂ ’ਚ ਉਨ੍ਹਾਂ ਤੋਂ ਪਾਣੀ ਖੋਹਣ ਦੇ ਤਰੀਕੇ ਤੋਂ ਔਖੇ ਹਨ। ਰੋਮਾਣਾ ਨੇ ਕਿਹਾ ਕਿ ਭਾਵੇਂ ਅੱਜ ਯੂਥ ਅਕਾਲੀ ਦਲ ਦੇ ਕਾਰਕੁੰਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਹੈ ਪਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਚੰਡੀਗੜ੍ਹ ’ਤੇ ਪੰਜਾਬ ਦੇ ਹੱਕਾਂ ਨੂੰ ਹਰਿਆਣਾ ਅੱਗੇ ਸਰੰਡਰ ਕਰਨ ਖ਼ਿਲਾਫ਼ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਮੁੱਖ ਮੁੱਦਿਆਂ ’ਤੇ ਆਵਾਜ਼ ਚੁੱਕਣ ਖ਼ਿਲਾਫ਼ ਵੀ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਫ਼ਲਤਾਵਾਂ ’ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦਾ ਸਥਾਈ ਮੈਂਬਰ ਹਟਾਉਣਾ ਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ’ਚ ਤਬਦੀਲ ਕਰਨ ਦੀ ਤਜਵੀਜ਼ ਖ਼ਿਲਾਫ ਆਵਾਜ਼ ਬੁਲੰਦ ਕਰਨਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਮਖੂ ਵਿਖੇ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾਅ

 

Manoj

This news is Content Editor Manoj