ਵਿਵਾਦਾਂ ''ਚ ਅਕਾਲੀ ਆਗੂ, ਗੈਂਗਸਟਰਾਂ ਨੂੰ ਸੁਪਾਰੀ ਦੇਣ ਦੇ ਲੱਗੇ ਦੋਸ਼

01/19/2018 2:00:48 PM

ਪਟਿਆਲਾ — ਯੂਥ ਅਕਾਲੀ ਦਲ ਦੇ ਜਰਨਲ ਸੈਕ੍ਰੇਟਰੀ ਸੁਖਵਿੰਦਰ ਸਿੰਘ ਗਾਗੂ ਵਲੋਂ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ਼ ਦੇ ਕਤਲ ਲਈ ਗੈਂਗਸਟਰ ਲਾਰੇਂਸ ਬਿਸ਼ਨੋਈ ਗੈਂਗ ਦੇ ਮੈਂਬਰ ਨੂੰ ਸੁਪਾਰੀ ਦੇਣ ਦੇ ਮਾਮਲੇ 'ਚ ਹੁਣ ਪੁਲਸ ਗਾਗੂ ਦੇ ਪੁਰਾਣੇ ਅਪਰਾਧਿਕ ਰਿਕਾਰਡ ਵੀ ਹਾਸਲ ਕਰ ਰਹੀ ਹੈ। ਜਿਸ ਕਾਰਨ ਗਾਗੂ ਦੀਆਂ ਮੁਸ਼ਕਲਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ। 
ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਤਾਂ ਹਾਲ ਹੀ 'ਚ ਬਿਆਨ ਜਾਰੀ ਕਰ ਕੇ ਗਾਗੂ ਨੂੰ ਪਾਰਟੀ 'ਚੋਂ ਬਾਹਰ ਕਰਨ ਤਕ ਦੀ ਗੱਲ ਕਹਿ ਦਿੱਤੀ ਸੀ। ਅਜਿਹੇ 'ਚ ਗਾਗੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਵਿੱਕੀ ਰਿਵਾਜ਼ ਨੇ ਏ. ਡੀ. ਜੀ. ਪੀ. ਤੇ ਐੱਸ. ਐੱਸ. ਪੀ. ਪਟਿਆਲਾ ਨੂੰ ਲਿਖਤ ਰੂਪ 'ਚ ਗਾਗੂ ਦੇ ਖਿਲਾਫ ਸ਼ਿਕਾਇਤ ਦਿੰਦੇ ਹੋਏ ਸਾਲ 2005 ਤੋਂ 2016 ਤਕ ਦੇ 15 ਪੁਲਸ ਕੇਸਾਂ ਦੀ ਡਿਟੇਲ ਦਿੱਤੀ ਹੈ। ਜਿਨ੍ਹਾਂ 'ਚ ਮੰਡੀ ਗੋਬਿੰਦਗੜ੍ਹ, ਪਟਿਆਲਾ, ਰਾਜਪੁਰਾ 'ਚ ਕਤਲ, ਇਰਾਦਾ ਕਤਲ, ਫਿਰੌਤੀ ਮੰਗਣ, ਧਮਕੀਆਂ ਦੇਣ ਤੇ ਕੁੱਟਮਾਰ ਕਰਨ ਦੇ ਕੇਸਾਂ ਦਾ ਜ਼ਿਕਰ ਕੀਤਾ ਹੈ। ਪੁਰਾਣੇ ਰਿਕਾਰਡ ਹੋਣ ਕਾਰਨ ਜਿਨ੍ਹਾਂ ਅਕਾਲੀ ਆਗੂਆਂ ਨੇ ਗਾਗੂ ਨੂੰ ਜਰਨਲ ਸੈਕ੍ਰੇਟਰੀ ਦਾ ਅਹੁਦਾ ਦਿੱਤਾ ਸੀ। ਹੁਣ ਉਹ ਹੀ ਅਕਾਲੀ ਆਗੂ ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਹੱਥ ਪਿੱਛੇ ਖਿੱਚਣ ਲੱਗੇ ਹਨ।