ਕਾਂਗਰਸ ''ਚ ਸ਼ਾਮਲ ਹੋਏ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਖਿਲਾਫ਼ ਕਾਂਗਰਸੀ ਅਤੇ ਅਕਾਲੀ ਦਲ ਨੇ ਖੋਲ੍ਹਿਆ ਮੋਰਚਾ

01/15/2018 11:04:26 AM

ਮਾਨਸਾ (ਜੱਸਲ)-ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਮਨਦੀਪ ਸਿੰਘ ਗੋਰਾ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੁੰਦਿਆਂ ਹੀ ਨਗਰ ਕੌਂਸਲ ਪ੍ਰਧਾਨ ਬਣਾਉਣ 'ਤੇ ਜਿੱਥੇ ਅਕਾਲੀ ਦਲ ਵੱਲੋਂ ਇਸ ਨੂੰ ਗੱਦਾਰੀ ਦਾ ਨਾਮ ਦਿੱਤਾ ਗਿਆ ਹੈ ਉਥੇ ਹੀ ਕੁਝ ਕਾਂਗਰਸੀਆਂ ਨੇ ਵੀ ਇਸ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਹੈ। 
ਅੱਜ ਇੱਥੋਂ ਦੇ ਮਾਰਕੀਟ ਕਮੇਟੀ ਦੇ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਡਾ. ਮਨਜੀਤ ਸਿੰਘ ਰਾਣਾ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਟੇਟ ਸਕੱਤਰ ਬਲਵਿੰਦਰ ਨਾਰੰਗ ਨੇ ਕਿਹਾ ਕਿ ਕਾਂਗਰਸੀ ਵਰਕਰ ਪਿਛਲੇ 10 ਸਾਲਾਂ ਤੋਂ ਅਕਾਲੀਆਂ ਤੋਂ ਪੂਰੀ ਤਰ੍ਹਾਂ ਤੰਗ ਸਨ ਤੇ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਵੀ ਅਕਾਲੀ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਵੱਡੇ ਅਹੁਦੇ ਦੇ ਕੇ ਕਾਂਗਰਸੀ ਵਰਕਰਾਂ ਨੂੰ ਮਾਰਨ ਤੋਂ ਸਿਵਾਏ ਹੋਰ ਕੁਝ ਨਹੀਂ। 
ਇਸ ਮੌਕੇ ਬਲਾਕ ਪ੍ਰਧਾਨ ਸੁਖਦਰਸ਼ਨ ਸਿੰਘ ਖਾਰਾ, ਸਾਬਕਾ ਜ਼ਿਲਾ ਕਾਂਗਰਸ ਦੇ ਪ੍ਰਧਾਨ ਪ੍ਰਵੀਨ ਗਰਗ ਟੋਨੀ, ਸੀਨੀਅਰ ਕਾਂਗਰਸੀ ਆਗੂ ਗੁਰਪਿਆਰ ਜੋੜਾ, ਕੌÎਂਸਲਰ ਨਰੋਤਮ ਚਹਿਲ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਤੇ ਸੋਚ ਵਿਚਾਰ ਕਰ ਕੇ ਨਵੇਂ ਬਣੇ ਕਾਂਗਰਸੀ ਦੀ ਬਜਾਏ ਕਿਸੇ ਕਾਂਗਰਸੀ ਕੌÎਂਸਲਰ ਨੂੰ ਹੀ ਨਗਰ ਕੌÎਂਸਲਰ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ। ਇਸ ਮੌਕੇ ਬਬਲਜੀਤ ਖਿਆਲਾ, ਸੁਰੇਸ਼ ਨੰਦਗੜ੍ਹੀਆ, ਸੁਖਦਰਸ਼ਨ ਖਾਰਾ, ਪ੍ਰਵੀਨ ਗਰਗ ਟੋਨੀ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
ਸ਼ਹਿਰ ਦੇ ਵਿਕਾਸ ਲਈ ਹੀ ਹੋਇਆ ਹਾਂ ਕਾਂਗਰਸ 'ਚ ਸ਼ਾਮਲ : ਗੋਰਾ
ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਦਾ ਕਹਿਣਾ ਹੈ ਕਿ ਉਹ ਮਾਨਸਾ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਹੀ ਕਾਂਗਰਸ ਵਿਚ ਸ਼ਾਮਲ ਹੋਏ ਹਨ, ਜਦੋਂ ਕਿ ਪ੍ਰਧਾਨਗੀ ਲਈ ਉਨ੍ਹਾਂ ਕੋਈ ਸੌਦੇਬਾਜ਼ੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਇਕ ਸੱਚੇ-ਸੁੱਚੇ ਕਾਂਗਰਸ ਦੇ ਵਰਕਰ ਵਜੋਂ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਹੁਣ ਕਮਰਸ਼ੀਅਲ ਲੋਕਾਂ ਦੀ ਪਾਰਟੀ ਬਣ ਚੁੱਕਾ ਹੈ।