ਯੂਥ ਵਿੰਗ ਦੀ ਵਾਗਡੋਰ ਮਜੀਠੀਆ ਹਵਾਲੇ ਹੋਣਾ ਲਗਭਗ ਤੈਅ, ਜਲਦ ਹੋ ਸਕਦੈ ਐਲਾਨ

06/24/2018 3:55:22 PM

ਬੁਢਲਾਡਾ (ਮਨਜੀਤ) — ਯੂਥ ਅਕਾਲੀ ਦਲ ਦੀ ਵਾਗਡੋਰ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਦੇ ਹਵਾਲੇ ਕਰਨ ਦਾ ਫੈਸਲਾ ਲਗਭਗ ਤੈਅ ਹੋ ਚੁੱਕਿਆ ਹੈ, ਜਿਸ ਦਾ ਰਸਮੀ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਦੇਸ਼ ਫੇਰੀ ਤੋਂ ਬਾਅਦ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ । ਅਕਾਲੀ ਸੂਤਰਾਂ ਮੁਤਾਬਕ ਪਿਛਲੇ ਸਮੇਂ ਯੂਥ ਅਕਾਲੀ ਦਲ ਨੂੰ ਪੰਜ ਜੋਨਾਂ 'ਚ ਵੰਡਣ ਦਾ ਫੈਸਲਾ ਸਫਲ ਨਾ ਹੋਣ ਕਾਰਨ ਇਕ ਪ੍ਰਧਾਨ ਬਨਾਉਣ ਦੇ ਵਿਚਾਰ ਕਰਨ ਉਪਰੰਤ ਸੀਨੀਅਰੀ ਅਕਾਲੀ ਲੀਡਰਸ਼ਿੱਪ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਪ੍ਰਧਾਨਗੀ ਤੇ ਮੋਹਰ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸੂਤਰਾਂ ਤੋਂ ਜਾਣਕਾਰੀ ਵੀ ਮਿਲੀ ਹੈ ਕਿ ਪੰਜਾਬ ਨੂੰ ਪੰਜ ਜੋਨਾਂ 'ਚ ਵੰਡ ਕੇ ਪੰਜ ਜਰਨਲ ਸਕੱਤਰਾਂ ਨੂੰ ਨਿਯੁਕਤ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ ਤਾਂ ਕਿ ਪਿੰਡ ਪੱਧਰ 'ਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾ ਸਕੇ । ਇਥੇ ਜ਼ਿਕਰਯੋਗ ਹੈ ਕਿ ਮਜੀਠੀਆ ਨੂੰ ਯੂਥ ਵਿੰਗ ਦਾ ਪ੍ਰਧਾਨ ਬਨਾਉਣ ਦੀ ਮੰਗ ਮਾਨਸਾ ਜ਼ਿਲੇ 'ਚ ਉੱਠੀ ਸੀ, ਜਿਨ੍ਹਾਂ 'ਚ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ, ਮਾਲਵਾ ਜੋਨ ਦੇ ਜਰਨਲ ਸਕੱਤਰ ਰਘੁਵੀਰ ਸਿੰਘ ਮਾਨਸਾ ਦੀ ਅਗਵਾਈ ਹੇਠ ਇਕ ਵੱਡੇ ਵਫਦ ਵੱਲੋਂ ਬਾਦਲ ਪਿੰਡ ਵਿਖੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਕੋਲ ਮੰਗ ਉਠਾਈ ਗਈ ਸੀ ਤਾਂ ਬੀਬਾ ਬਾਦਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਯੂਥ ਵਿੰਗ ਦੀ ਪ੍ਰਧਾਨਗੀ ਦਾ ਫੈਸਲਾ ਅਕਾਲੀ ਦਲ ਦੀ ਕੌਰ ਕਮੇਟੀ ਕਰੇਗੀ । ਜਗ ਬਾਣੀ 'ਚ ਇਹ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਵੀ ਮਜੀਠੀਆ ਨੂੰ ਪ੍ਰਧਾਨ ਬਨਾਉਣ ਦੀ ਮੰਗ ਉੱਠ ਖੜੀ ਸੀ, ਜਿਸ 'ਤੇ ਮਜੀਠੀਏ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਲਗਭਗ ਤੈਅ ਹੋ ਚੁੱਕਾ ਹੈ ਕਿਉਂਕਿ ਅਕਾਲੀ ਹਾਈਕਮਾਂਡ ਨੇ ਸ਼ਾਹਕੋਟ ਦੀ ਜਿਮਨੀ ਚੋਣ 'ਚ ਮਜੀਠੀਏ ਦੀ ਅਗਵਾਈ 'ਚ ਨੌਜਵਾਨਾਂ ਨੇ ਅਹਿਮ ਰੋਲ ਅਦਾ ਕੀਤਾ ਹੈ, ਜਿਸ ਤੋਂ ਪਾਰਟੀ ਨੇ ਇਹ ਮਹਿਸੂਸ ਕੀਤਾ ਕਿ ਯੂਥ ਵਿੰਗ ਦੀ ਅਗਵਾਈ ਮਜੀਠੀਏ ਦੇ ਹੱਥਾਂ 'ਚ ਹੀ ਸੁਰੱਖਿਅਤ ਹੈ ਤਾਂ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਪੰਜਾਬ 'ਚ ਵਧੀਆ ਰੋਲ ਅਦਾ ਕਰ ਸਕੇ ।