ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

11/18/2017 7:43:54 AM

ਸਿੱਧਵਾਂ ਬੇਟ, (ਸ਼ੇਤਰਾ,ਚਾਹਲ)– ਬੇਟ ਇਲਾਕੇ ਦੇ ਇਕ ਪਿੰਡ 'ਚ ਅੱਜ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਦੀ ਉਮਰ 24 ਸਾਲ ਸੀ ਤੇ ਉਹ ਕੁਝ ਸਮੇਂ ਤੋਂ ਡਰੱਗ ਲੈਣ ਦਾ ਆਦੀ ਦੱਸਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਅੱਜ ਪਿੰਡ ਭੈਣੀ ਗੁਜਰਾਂ ਨੂੰ ਜਾਂਦੇ ਰਸਤੇ 'ਤੇ ਬਣੀ ਇਕ ਮੋਟਰ ਤੋਂ ਮਿਲੀ। ਉਥੋਂ ਲੰਘਣ ਵਾਲੇ ਰਾਹਗੀਰਾਂ ਨੇ ਫੌਰੀ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ ਤੇ ਇਹੋ ਸੂਚਨਾ ਅੱਗੇ ਪੁਲਸ ਨੂੰ ਵੀ ਦਿੱਤੀ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਜੰਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੁਰਿੰਦਰ ਕੱਲ ਸ਼ਾਮ ਪਿੰਡ ਦੇ ਹੀ ਦੋ ਲੜਕਿਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੋਂ ਗਿਆ ਸੀ। ਉਹ ਸਾਰੀ ਰਾਤ ਘਰ ਨਹੀਂ ਆਇਆ ਤੇ ਅੱਜ ਸਵੇਰੇ ਉਸ ਦੀ ਮੋਟਰ 'ਤੇ ਲਾਸ਼ ਪਈ ਹੋਣ ਦੀ ਸੂਚਨਾ ਮਿਲੀ।