ਸ਼ੱਕੀ ਹਾਲਾਤ ''ਚ ਨੌਜਵਾਨ ਦੀ ਲਾਸ਼ ਮਿਲੀ

04/13/2018 4:00:04 AM

ਕਪੂਰਥਲਾ, (ਮਲਹੋਤਰਾ)- ਪਿੰਡ ਔਜਲਾ ਮਾਰਗ 'ਤੇ ਪੁਲਸ ਨੂੰ ਇਕ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਮ੍ਰਿਤਕ ਲਵਪ੍ਰੀਤ ਸਿੰਘ (22) ਪੁੱਤਰ ਤਰਸੇਮ ਸਿੰਘ ਨਿਵਾਸੀ ਪਿੰਡ ਰੰਗੜਾ, ਨਕੋਦਰ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟਾ ਟਿੱਪਰ ਟਰੱਕ ਦੀ ਡਰਾਈਵਰੀ ਕਰਦਾ ਹੈ। ਬੀਤੇ ਦਿਨ ਉਹ ਗੱਡੀ 'ਚੋਂ ਸਾਮਾਨ ਲਾਹ ਕੇ ਆਪਣੇ ਕਿਸੇ ਸਾਥੀ ਦੇ ਨਾਲ ਚਲਾ ਗਿਆ। ਜਦੋਂ ਉਹ ਕਾਫੀ ਦੇਰ ਤਕ ਵਾਪਸ ਨਹੀਂ ਆਇਆ ਤਾਂ ਅਸੀਂ ਉਸਦੇ ਮੋਬਾਇਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਮੋਬਾਇਲ ਬੰਦ ਮਿਲਿਆ। ਬਾਅਦ 'ਚ ਸਾਨੂੰ ਪਤਾ ਲੱਗਾ ਕਿ ਉਸਦੀ ਲਾਸ਼ ਔਜਲਾ ਮਾਰਗ 'ਤੇ ਖੇਤਾਂ 'ਚੋਂ ਮਿਲੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੇਟੇ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਇਸ ਸਾਈਡ 'ਚ ਸੁੱਟ ਦਿੱਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਫੋਨ ਕਾਲਾਂ ਦੀ ਡਿਟੇਲ ਕੱਢ ਕੇ ਉਸਦੇ ਆਧਾਰ 'ਤੇ ਇਹ ਪਤਾ ਲਾਇਆ ਜਾਵੇਗਾ ਕਿ ਮ੍ਰਿਤਕ ਨੇ ਇਸ ਦੌਰਾਨ ਕਿਸ- ਕਿਸ ਵਿਅਕਤੀ ਨੂੰ ਮੋਬਾਇਲ ਕਾਲ ਕੀਤੀ ਸੀ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਪਛਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।