ਦਲਿਤ ਨੌਜਵਾਨ ਦੇ ਕਤਲ ਮਾਮਲੇ ਦੀ ਅਕਾਲੀ ਦਲ ਨੇ ਮੰਗੀ ਉੱਚ ਪੱਧਰੀ ਜਾਂਚ

11/18/2019 4:49:15 PM

ਭਵਾਨੀਗੜ੍ਹ (ਵਿਕਾਸ) : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੋਮਵਾਰ ਨੂੰ ਪਿੰਡ ਚੰਨੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਦੀ ਬੇਰਿਹਮੀ ਨਾਲ ਕੀਤੀ ਗਈ ਹੱਤਿਆ ਜਿੱਥੇ ਸੂਬੇ ਵਿਚ ਅਮਨ ਕਾਨੂੰਨ ਦੀ ਬਿਗੜੀ ਸਥਿਤੀ ਨੂੰ ਸਪੱਸ਼ਟ ਬਿਆਨ ਕਰਦੀ ਹੈ, ਉੱਥੇ ਹੀ ਅਜਿਹੇ ਘਿਨੌਣੇ ਅਪਰਾਧ ਕੈਪਟਨ ਸਰਕਾਰ ਦੇ ਮੱਥੇ 'ਤੇ ਕਲੰਕ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਘਟਨਾ ਦੀ ਘੋਰ ਨਿੰਦਾ ਕਰਦਾ ਹੈ ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਾ ਹੈ। ਇਸ ਮੌਕੇ ਚੰਦੂਮਾਜਰਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਹੱਤਿਆ ਕਾਂਡ 'ਚ ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰ ਨੂੰ ਸਹਾਇਤਾ ਦੇਣ ਦੀ ਬਿਜਾਏ ਸਰਕਾਰ ਪੀੜਤ ਪਰਿਵਾਰ ਨੂੰ ਗੁੰਮਰਾਹ ਕਰ ਰਹੀ ਹੈ। 

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਿਗਰਾਨੀ ਹੇਠ ਪਾਰਟੀ ਵੱਲੋਂ ਦਲਿਤ ਪਰਿਵਾਰ ਦੇ ਹੱਕ ਵਿਚ ਖੜਨ ਦਾ ਐਲਾਨ ਕੀਤਾ ਗਿਆ ਹੈ ਅਤੇ ਪਾਰਟੀ ਵੱਲੋਂ ਇਸ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਸਮੇਤ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਅਤੇ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਆਗੂ ਸ਼ਾਮਲ ਹਨ। ਉਹ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ 'ਚ ਡਟੇ ਰਹਿਣਗੇ। ਇਸ ਤੋਂ ਇਲਾਵਾ ਆਲ ਇੰਡੀਆ ਸੈਂਟਰਲ ਵਾਲਮੀਕਿ ਸਭਾ ਦੇ ਸੂਬਾ ਮੀਤ ਪ੍ਰਧਾਨ ਗਮੀ ਕਲਿਆਣ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸੈਂਟਰਲ ਵਾਲਮੀਕਿ ਸਭਾ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।

Gurminder Singh

This news is Content Editor Gurminder Singh