ਨੌਜਵਾਨ ਨੂੰ ਅਗਵਾ ਕਰਕੇ ਮੰਗੀ 1 ਲੱਖ ਰੁਪਏ ਦੀ ਫਿਰੌਤੀ, ਪੁਲਸ ਨੇ ਕੁੱਝ ਘੰਟਿਆਂ ’ਚ ਛੁਡਵਾਇਆ

01/22/2024 4:56:37 PM

ਬਟਾਲਾ (ਸਾਹਿਲ) : ਨੌਜਵਾਨ ਨੂੰ ਅਗਵਾ ਕਰਕੇ ਫਿਰੌਤੀ ਦੀ ਮੰਗ ਕਰਨ ਵਾਲੇ ਚਾਰ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਦਿਆਂ ਦੋ ਨੌਜਵਾਨਾਂ ਨੂੰ ਹਥਿਆਰਾਂ ਅਤੇ ਕਰੇਟਾ ਗੱਡੀ ਸਮੇਤ ਥਾਣਾ ਕਾਦੀਆਂ ਦੀ ਪੁਲਸ ਵਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ ਕਾਦੀਆਂ ਇੰਸਪੈਕਟਰ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਤਿਲਕ ਰਾਜ ਵਾਸੀ ਵ੍ਹਾਈਟ ਐਵੇਨਿਊ ਕਾਦੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਹ ਆਪਣੇ 22 ਸਾਲਾ ਲੜਕੇ ਰਮਨਦੀਪ ਸਿੰਘ ਨਾਲ ਘਰੇਲੂ ਕੰਮ ਲਈ ਬੱਸ ਸਟੈਂਡ ਵਿਖੇ ਗਈ ਸੀ ਤਾਂ ਉਥੇ ਚਿੱਟੇ ਰੰਗ ਦੀ ਕਰੇਟਾ ਗੱਡੀ ’ਤੇ ਸਵਾਰ ਹੋ ਕੇ ਆਏ 4 ਅਣਪਛਾਤੇ ਉਸਦੇ ਉਕਤ ਲੜਕੇ ਨੂੰ ਜ਼ਬਦਰਸਤੀ ਗੱਡੀ ਵਿਚ ਅਗਵਾ ਕਰਕੇ ਲੈ ਗਏ ਹਨ, ਜਿਸ ਤੋਂ ਬਾਅਦ ਸਬੰਧਤ ਕਾਰ ਸਵਾਰਾਂ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ 1 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਲੱਗ ਪਏ। 

ਐੱਸ. ਐੱਚ. ਓ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਕਾਦੀਆਂ ਵਿਚ ਮੁਕੱਦਮਾ ਨੰ.7 ਧਾਰਾ 364-ਏ, 34 ਆਈ.ਪੀ.ਸੀ ਤਹਿਤ 4 ਅਣਪਛਾਤਿਆਂ ਖ਼ਿਲਾਫ ਕੇਸ ਦਰਜ ਕਰਨ ਉਪਰੰਤ ਅਣਪਛਾਤਿਆਂ ਦੀ ਭਾਲ ਲਈ ਪੁਲਸ ਟੀਮਾਂ ਤਿਆਰ ਕੀਤੀਆਂ ਗਈਆਂ, ਜਿੰਨ੍ਹਾਂ ਨੇ ਕੁਝ ਘੰਟਿਆਂ ਅੰਦਰ ਹੀ ਅਗਵਾ ਕੀਤੇ ਰਮਨਦੀਪ ਸਿੰਘ ਨੂੰ ਛੁਡਵਾ ਲਿਆ। ਪੁਲਸ ਨੇ 2 ਮੁੱਖ ਦੋਸ਼ੀ ਹਰਮੀਤ ਸਿੰਘ ੳਰਫ ਚੋਜੀ ਪੁੱਤਰ ਅਜੀਤ ਸਿੰਘ ਵਾਸੀ ਸਰਸਪੁਰ ਥਾਣਾ ਤਿੱਬੜ ਅਤੇ ਅਮਰਬੀਰ ਸਿੰਘ ਉਰਫ ਅੰਬਾ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਪਾਹੜਾ ਥਾਣਾ ਤਿੱਬੜ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਕਰੇਟਾ ਗੱਡੀ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਐੱਸ. ਐੱਚ. ਮਾਨ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਦੋ ਨੌਜਵਾਨਾਂ ਦੀ ਪੁਲਸ ਵਲੋਂ ਭਾਲ ਜਾਰੀ ਹੈ, ਜੋ ਜਲਦ ਹੀ ਪੁਲਸ ਹਿਰਾਸਤ ਵਿਚ ਹੋਣਗੇ।

Gurminder Singh

This news is Content Editor Gurminder Singh