ਐੱਮ. ਬੀ. ਏ. ਪਾਸ ਨੌਜਵਾਨ 75 ਲੱਖ ਰੁਪਏ ਦੀ ਹੈਰੋਇਨ ਸਣੇ ਗ੍ਰਿਫਤਾਰ

04/10/2019 12:59:34 AM

ਲੁਧਿਆਣਾ,(ਮਹੇਸ਼) : ਦੁੱਗਰੀ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ ਮਾਸਟਰ ਆਫ ਬਿਜ਼ਨੈੱਸ ਐਡਮਨਿਸਟ੍ਰੇਸ਼ਨ (ਐੱਮ. ਬੀ. ਏ.) ਪਾਸ 27 ਸਾਲਾ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 165 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜੋ ਕਿ ਆਸਾਨੀ ਨਾਲ ਪੈਸਾ ਕਮਾਉਣ ਦੇ ਚੱਕਰ 'ਚ ਅਪਰਾਧ ਦੀ ਦਲਦਲ 'ਚ ਧੱਸ ਗਿਆ। ਅੰਤਰਰਾਸ਼ਟਰੀ ਮਾਰਕੀਟ 'ਚ ਫੜੀ ਗਈ ਹੈਰੋਇਨ ਦੀ ਕੀਮਤ 75 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਇਸ ਸਬੰਧ 'ਚ ਮੰਗਲਵਾਰ ਨੂੰ ਬੁਲਾਈ ਗਈ ਪ੍ਰੈੱਸ ਕਾਨਫਰੰਸ 'ਚ ਅੰਡਰ ਟ੍ਰੇਨੀ ਆਈ. ਪੀ. ਐੱਸ. ਅਧਿਕਾਰੀ ਡਾ. ਪਰੱਗਿਆ ਜੈਨ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਮਿਲਰੰਗਜ ਦੇ ਚਿੰਕੀ ਬਾਵਰਾ ਵਜੋਂ ਹੋਈ ਹੈ। ਇਸ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡਾ. ਜੈਨ ਨੇ ਦੱਸਿਆ ਕਿ ਦੋਸ਼ੀ ਨੂੰ ਸੂਚਨਾ ਦੇ ਆਧਾਰ 'ਤੇ ਹਿੰਮਤ ਸਿੰਘ ਨਗਰ ਰੇਲਵੇ ਫਾਟਕ ਕੋਲੋਂ ਉਸ ਸਮੇਂ ਕਾਬੂ ਕੀਤਾ ਗਿਆ, ਜਦ ਉਹ ਹੈਰੋਇਨ ਦੀ ਸਪਲਾਈ ਕਰਨ ਦੀ ਤਾਕ 'ਚ ਸੀ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਸ਼ੀ ਦੀ ਤਲਾਸ਼ੀ ਲਈ ਗਈ। ਉਸ ਦੇ ਕੋਲੋਂ ਉਕਤ ਮਾਤਰਾ 'ਚ ਹੈਰੋਇਨ ਮਿਲੀ। ਉਸ ਨੂੰ ਫੌਰਨ ਹਿਰਾਸਤ 'ਚ ਲੈ ਕੇ ਥਾਣੇ ਲਿਆਂਦਾ ਗਿਆ। ਜੈਨ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚਿੰਕੀ ਐੱਮ. ਬੀ. ਏ. ਪਾਸ ਹੈ ਅਤੇ ਉਹ ਵਿਆਹਿਆ ਹੋਇਆ ਹੈ। ਉਸ ਦਾ 4 ਸਾਲ ਦਾ ਇਕ ਬੇਟਾ ਵੀ ਹੈ। ਦੋਸਤਾਂ ਦੇ ਬਹਿਕਾਵੇ 'ਚ ਆ ਕੇ ਉਸ ਨੇ ਪੈਸਾ ਕਮਾਉਣ ਦਾ ਸੌਖਾ ਰਸਤਾ ਅਪਣਾਉਂਦੇ ਹੋਏ ਹੈਰੋਇਨ ਦੀ ਸਮੱਗਲਿੰਗ ਕਰਨ ਸ਼ੁਰੂ ਕਰ ਦਿੱਤੀ ਪਰ ਪਹਿਲੀ ਵਾਰ 'ਚ ਹੀ ਉਹ ਪੁਲਸ ਦੇ ਹੱਥੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕਰ ਕੇ ਇਸ ਗੱਲ ਦਾ ਪਤਾ ਲਾਇਆ ਜਾਵੇਗਾ ਕਿ ਇਹ ਹੈਰੋਇਨ ਉਹ ਕਿੱਥੋਂ ਤੇ ਕਿਸ ਤੋਂ ਖਰੀਦ ਕੇ ਲਿਆਇਆ ਸੀ ਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ।