ਨੌਜਵਾਨ ਦੀ ਮੌਤ ਦੇ ਮਾਮਲੇ ’ਚ ਅਦਾਲਤ ਨੇ 8 ਵਿਅਕਤੀਆਂ ਨੂੰ ਸੁਣਾਈ 5-5 ਸਾਲ ਦੀ ਸਜ਼ਾ

07/28/2021 5:58:50 PM

ਮਲੋਟ  (ਜੁਨੇਜਾ) : 2015 ਵਿਚ ਮਲੋਟ ਵਿਖੇ ਇਕ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ 8 ਵਿਅਕਤੀਆਂ ਨੂੰ 5-5 ਸਾਲ ਦੀ ਸਜ਼ਾ ਅਤੇ ਜੁਰਮਾਨੇ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਭਰਾ ਸੰਦੀਪ ਪਾਲ ਸਿੰਘ ਨੇ 24 ਅਕਤੂਬਰ 2015 ਨੂੰ ਸਿਟੀ ਪੁਲਸ ਮਲੋਟ ਕੋਲ ਦਿੱਤੇ ਬਿਆਨਾਂ ਅਨੁਸਾਰ 23 ਅਪ੍ਰੈਲ 2015 ਨੂੰ ਦਾਨੇਵਾਲਾ ਦੇ ਇਕ ਪੈਲੇਸ ਵਿਚ ਮਲੋਟ ਰੇਹੜੀ ਯੂਨੀਅਨ ਦੇ ਪ੍ਰਧਾਨ ਪੱਪੂ ਬਜਾਜ ਦੇ ਸਪੁੱਤਰ ਮਨੀ ਬਜਾਜ ਦੇ ਵਿਆਹ ਸਬੰਧੀ ਪ੍ਰੋਗਰਾਮ ਦੌਰਾਨ ਸ਼ਰਾਬ ਪੀਣ ਪਿੱਛੋਂ ਅਮਿਤ, ਕਾਲੀ, ਪੁਜਾਰੀ, ਲੱਡੂ ਅਤੇ ਲੰਬੂ ਸਮੇਤ ਕਈ ਵਿਅਕਤੀਆਂ ਨੇ ਉਸਦੇ ਭਰਾ ਪਰਮਜੀਤ ਸਿੰਘ ਦੀ ਕੁੱਟਮਾਰ ਕਰਕੇ ਜੀ.ਟੀ.ਰੋਡ ਤੇ ਸੁੱਟ ਦਿੱਤਾ। ਜਿੱਥੇ ਹਸਪਤਾਲ ਲਿਜਾਣ ਮੌਕੇ ਉਸਦੀ ਮੌਤ ਹੋ ਗਈ।

ਇਸ ’ਤੇ ਪੁਲਸ ਨੇ 8 ਵਿਅਕਤੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਸੀ। ਵਧੀਕ ਸ਼ੈਸਨ ਜੱਜ ਪ੍ਰੇਮ ਕੁਮਾਰ ਨੇ ਇਸ ਮਾਮਲੇ ਵਿਚ 23 ਜੁਲਾਈ ਨੂੰ ਪ੍ਰਿੰਸ ਬਜਾਜ ਪੁੱਤਰ ਅਨਿਲ ਬਜਾਜ, ਸੰਜੀਵ ਉਰਫ ਸੰਨੀ ਪੁੱਤਰ ਭਗਵਾਨ ਦਾਸ, ਪਵਨ ਕੁਮਾਰ ਜਲੋਹਤਰਾ ਪੁੱਤਰ ਕੇਵਲ ਕ੍ਰਿਸ਼ਨ, ਅਮਿਤ ਉਰਫ ਮੋਨੂੰ, ਲੱਡੂ ਅਤੇ ਕਾਲੀ ਪੁੱਤਰਾਨ ਦੁੱਲੀ ਅਤੇ ਗੌਰਵ ਬਜਾਜ ਪੁੱਤਰ ਸਤੀਸ਼ ਬਜਾਜ ਨੂੰ ਦੋਸ਼ੀ ਮੰਨਦੇ ਜੇਲ ਭੇਜ ਦਿੱਤਾ ਸੀ। ਅੱਜ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ 6-6 ਮਹੀਨੇ ਦੀ ਹੋਰ ਕੈਦ ਭੁਗਤਣੀ ਹੋਵੇਗੀ।

Gurminder Singh

This news is Content Editor Gurminder Singh