ਪ੍ਰਦੂਸ਼ਨ ਰਹਿਤ ਆਵਾਜਾਈ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਈ ਸਿੱਧ ਹੋਵੇਗੀ ਸਾਈਕਲ ਰੈਲੀ : ਈਸ਼ਾ ਕਾਲੀਆ

10/29/2017 6:59:46 PM

ਫਾਜ਼ਿਲਕਾ/ਜਲਾਲਾਬਾਦ (ਸੇਤੀਆ) : ਰੋਜ਼ ਗਾਰਡਨ ਬਠਿੰਡਾ ਤੋਂ ਸ਼ੁਰੂ ਹੋਈ ਸਾਈਕਲ ਰੈਲੀ ਦਾ ਫਾਜ਼ਿਲਕਾ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋਂ ਨਿਘਾ ਸੁਆਗਤ ਕੀਤਾ ਗਿਆ। ਬਠਿੰਡਾ ਸਾਈਕਲਿੰਗ ਗਰੁੱਪ ਵੱਲੋਂ ਕੱਢੀ ਗਈ ਰੈਲੀ ਵਿਚ ਲਗਪਗ 100 ਸਾਈਕਲ ਸਵਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿਚ 8 ਲੜਕੀਆਂ ਰਾਈਡਰ ਵੀ ਸ਼ਾਮਲ ਸਨ। ਇਹ ਸਾਈਕਲ ਰੈਲੀ ਗਿੱਦੜਬਾਹਾ, ਮਲੋਟ, ਪੰਨੀਵਾਲਾ ਅਤੇ ਅਰਨੀਵਾਲਾ ਤੋਂ ਹੁੰਦੀ ਹੋਈ ਲਗਪਗ 125 ਕਿਲੋਮੀਟਰ ਦਾ ਫੈਸਲਾ ਤਹਿ ਕਰ ਕੇ ਫਾਜ਼ਿਲਕਾ ਦੇ ਬਾਰਡਰ ਰੋਡ 'ਤੇ ਸਥਿਤ ਸ਼ਹੀਦੀ ਸਮਾਰਕ ਆਸਫਵਾਲਾ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਰੈਲੀ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏੇ। ਇਸ ਮੌਕੇ ਰੈਲੀ ਵਿਚ ਸ਼ਾਮਲ ਸਮੂਹ ਸ਼ਖਸੀਅਤਾਂ ਸ਼ਹੀਦਾਂ ਦੀ ਸਮਾਧ 'ਤੇ ਪਹੁੰਚ ਕੇ ਨਤਮਸਤਕ ਵੀ ਹੋਇਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
ਇਸ ਦੌਰਾਨ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਬਠਿੰਡਾ ਸਾਈਕਲਿੰਗ ਗਰੁੱਪ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਈਕਲ ਰੈਲੀ ਪ੍ਰਦੂਸ਼ਣ ਰਹਿਤ ਆਵਾਜ਼ਾਈ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਪੈਦਾ ਕਰਨਾ ਹੈ।