ਚੋਰੀ ਕੀਤੇ 10 ਮੋਟਰਸਾਈਕਲਾਂ ਸਮੇਤ ਨੌਜਵਾਨ ਗ੍ਰਿਫਤਾਰ

08/06/2017 6:57:06 AM

ਫਗਵਾੜਾ, (ਜਲੋਟਾ)- ਫਗਵਾੜਾ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਥਾਣਾ ਸਦਰ ਦੀ ਟੀਮ ਨੇ ਚਹੇੜੂ ਚੌਕੀ ਇੰਚਾਰਜ ਐੱਸ. ਆਈ. ਬਲਜਿੰਦਰ ਸਿੰਘ ਦੀ ਅਗਵਾਈ ਹੇਠ ਗੇਟ ਨੰਗਲ ਮੱਝਾ ਜੀ. ਟੀ. ਰੋਡ ਤੋਂ ਚੋਰੀ ਦੇ 10 ਮੋਟਰਸਾਈਕਲਾਂ ਸਮੇਤ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਦੱਸਿਆ ਕਿ ਫੜੇ ਗਏ ਮੋਟਰਸਾਈਕਲਾਂ ਵਿਚ ਇਕ ਮੋਟਰਸਾਈਕਲ ਦੀ ਬਾਜ਼ਾਰੂ ਕੀਮਤ ਕਰੀਬ ਢਾਈ ਲੱਖ ਹੈ। ਦੋਸ਼ੀ ਦੀ ਪਛਾਣ ਹਰਪ੍ਰੀਤ ਕੁਮਾਰ ਉਰਫ ਹੈਪੀ ਪੁੱਤਰ ਜੋਗਿੰਦਰ ਪਾਲ ਬੰਗੜ ਵਾਸੀ ਚੱਕ ਹਕੀਮ ਥਾਣਾ ਸਦਰ ਫਗਵਾੜਾ ਦੇ ਰੂਪ 'ਚ ਹੋਈ ਹੈ। ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਮੋਟਰਸਾਈਕਲ ਚੋਰੀ ਕਰਕੇ ਉਸਦੇ ਪਾਰਟਸ ਦੀ ਅਦਲਾ-ਬਦਲੀ ਕਰਕੇ ਵੇਚਣ ਦਾ ਆਦੀ ਸੀ। ਇਸ ਮੌਕੇ ਏ. ਐੱਸ. ਪੀ. ਹਰੀਸ਼ ਦਯਾਮਾ, ਐੱਸ. ਐੱਚ. ਓ. ਸਦਰ ਲਖਬੀਰ ਸਿੰਘ ਤੇ ਮੁਨਸ਼ੀ ਸ਼ਾਮ ਸਿੰਘ ਹਾਜ਼ਰ ਸਨ।