ਘਰ ਅੱਗੇ ਪਿਸ਼ਾਬ ਕਰਨ ਤੋਂ ਰੋਕਣ ’ਤੇ ਅਣਪਛਾਤੇ ਨੌਜਵਾਨਾਂ ਦਿਖਾਈ ਗੁੰਡਾਗਰਦੀ

08/10/2018 1:34:30 AM

ਚੌਕ ਮਹਿਤਾ,  (ਪਾਲ/ ਕੈਪਟਨ)-  ਬੀਤੀ ਰਾਤ ਸਥਾਨਕ ਕਸਬੇ ’ਚ ਬਾਹਰੋਂ ਆਏ 10-12 ਦੇ ਕਰੀਬ ਅਣਪਛਾਤੇ ਨੌਜਵਾਨਾਂ ’ਚੋਂ ਇਕ ਨੂੰ ਘਰ ਦੇ ਬਾਹਰ ਪਿਸ਼ਾਬ ਕਰਨ ਤੋਂ ਰੋਕਣ ’ਤੇ ਉਨ੍ਹਾਂ ਵੱਲੋਂ ਦਿਖਾਈ ਗਈ ਗੁੰਡਾਗਰਦੀ ਦੌਰਾਨ ਇਕ ਹੀ ਪਰਿਵਾਰ ਦੇ 5-6 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਗਈਆਂ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਪੀਡ਼ਤ ਦਲਜੀਤ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ 10-12 ਅਣਪਛਾਤੇ ਨੌਜਵਾਨ ਜੋ ਆਈ-20 ਕਾਰ  ਤੇ ਬੁਲੇਟ ਮੋਟਰਸਾਈਕਲ ’ਤੇ  ਸਵਾਰ ਸਨ, ਉਨ੍ਹਾਂ ਦੇ ਘਰ ਦੇ ਬਾਹਰ ਸਡ਼ਕ ’ਤੇ ਆ ਕੇ ਰੁਕੇ। ਸਾਰੇ ਨੌਜਵਾਨ ਸ਼ਰਾਬੀ ਹਾਲਤ ’ਚ ਸਨ। ਉਨ੍ਹਾਂ ’ਚੋਂ ਇਕ ਨੌਜਵਾਨ ਘਰ ਦੇ ਬਾਹਰ ਗਲੀ ’ਚ ਆ ਕੇ ਪਿਸ਼ਾਬ ਕਰਨ ਲੱਗ ਪਿਆ, ਜਿਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਉਸ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਲਟਾ ਉਨ੍ਹਾਂ ਨਾਲ ਝਗਡ਼ਨਾ ਸ਼ੁਰੂ ਕਰ ਦਿੱਤਾ ਤੇ ਕਾਰ ’ਚ ਰੱਖੇ ਤੇਜ਼ਧਾਰ ਹਥਿਆਰ ਤੇ ਬੇਸਬਾਲ ਲੈ ਕੇ ਆਪਣੇ ਸਾਥੀਆਂ ਸਮੇਤ ਘਰ ’ਚ ਦਾਖਲ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਪਰਿਵਾਰਕ ਮੈਂਬਰਾਂ ਸੁਖਦੇਵ ਸਿੰਘ ਲੱਕੀ, ਰਜਵੰਤ ਸਿੰਘ ਰਾਜੂ, ਸੁਰਿੰਦਰ ਸਿੰਘ, ਸੰਨੀ ਤੇ ਦਲਜੀਤ ਸਿੰਘ ਸਮੇਤ 5-6 ਜਣਿਆਂ ਨੂੰ ਸੱਟਾਂ ਮਾਰੀਆਂ। ਜ਼ਖਮੀਆਂ ਨੂੰ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ 2 ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੋਸ਼ੀਆਂ ’ਚੋਂ 2 ਨੂੰ ਮੌਕੇ ’ਤੇ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ।
ਇਸ ਮੌਕੇ ਪੀਡ਼ਤਾਂ ਦਾ ਹਾਲ ਪੁੱਛਣ ਪੁੱਜੇ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਮਹਿਤਾ ਡਾ. ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੀ ਗੁੰਡਾਗਰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਕਾਬੂ ਕਰ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ  ਕੀਤੀ ਜਾਵੇ ਤੇ ਪੀਡ਼ਤ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਅਮਰ ਰਾਵਤ, ਸੁੱਖ ਮਹਿਸਮਪੁਰੀਆ, ਸੁਲੱਖਣ ਸਿੰਘ ਫੌਜੀ, ਪ੍ਰਦੀਪ ਮੌਦਗਿੱਲ, ਰਮਨ ਤਨੇਜਾ, ਪ੍ਰਧਾਨ ਰਾਜੂ ਮਹਿਤਾ, ਹਰੀਸ਼ ਬੱਬੂ, ਰਿੱਕੀ ਆਦਿ ਮੌਜੂਦ ਸਨ।
ਇਸ ਹਮਲੇ ਦੌਰਾਨ ਦੋਸ਼ੀਆਂ ਕੋਲੋਂ ਬਰਾਮਦ ਬੁਲੇਟ ਮੋਟਰਸਾਈਕਲ ’ਤੇ ਲੱਗੀਅਾਂ 2 ਨੰਬਰ ਪਲੇਟਾਂ ਵੀ ਵੱਡਾ ਸ਼ੱਕ ਪੈਦਾ ਕਰਦੀਆਂ ਹਨ। ਕਾਬੂ ਕੀਤੇ ਗਏ ਮੋਟਰਸਾਈਕਲ ’ਤੇ ਪਹਿਲਾਂ ਲਿਖੇ ਨੰਬਰ ਨੂੰ ਇਕ ਹੋਰ ਨੰਬਰ ਪਲੇਟ ਨਾਲ ਢਕਿਆ ਗਿਆ ਸੀ, ਜਦੋਂ ਕਿ ਦੋਵੇਂ ਨੰਬਰ ਦੱਸਣ ਮੁਤਾਬਿਕ ਵੱਖ-ਵੱਖ ਹਨ। ਹਮਲੇ ਸਬੰਧੀ ਥਾਣਾ ਮਹਿਤਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਪੀਡ਼ਤ ਪਰਿਵਾਰ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈੈ। ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੇ ਜਾਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।