6 ਮਹੀਨੇ ਤੋਂ ਸਾਊਦੀ ਅਰਬ ਦੀ ਜੇਲ ''ਚ ਫਸਿਆ ਨੌਜਵਾਨ ਪਹੁੰਚਿਆ ਆਪਣੇ ਘਰ

09/09/2018 7:47:19 PM

ਗੁਰਦਾਸਪੁਰ (ਵਿਨੋਦ)-ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੀ ਖਾਤਰ ਕਮਾਈ ਕਰਨ ਲਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਅਪਣਾ ਲੈਂਦੇ ਹਨ ਪਰ ਉੱਥੇ ਜਾ ਕੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਗੁਰਦਾਸਪੁਰ ਦੇ ਸੰਤ ਨਗਰ ਦਾ ਰਹਿਣ ਵਾਲਾ ਕਮਲ ਮਨਜਿੰਦਰ ਸਿੰਘ ਵੀ ਗੁਰਦਾਸਪੁਰ ਦੇ ਹੀ ਇਕ ਏਜੰਟ ਦੇ ਰਾਹੀਂ ਸਾਊਦੀ ਅਰਬ ਦੀ ਇਕ ਕੰਪਨੀ 'ਚ ਨੌਕਰੀ ਕਰਨ ਗਿਆ ਸੀ ਪਰ ਉੱਥੇ ਕੰਪਨੀ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ 'ਤੇ ਚੋਰੀ ਦਾ ਝੂਠਾ ਦੋਸ਼ ਲਗਾ ਕੇ ਉਨ੍ਹਾਂ ਨੂੰ ਜੇਲ ਭੇਜ  ਦਿੱਤਾ। ਕੁਝ ਦਿਨ ਪਹਿਲਾ ਕਮਲ ਨੇ ਜੇਲ ਤੋਂ ਵੀਡਿਓ ਭੇਜ ਕੇ ਆਪਣੇ ਪਰਿਵਾਰ ਨੂੰ ਆਪਣੇ ਹਾਲਾਤਾਂ ਦੇ ਬਾਰੇ 'ਚ ਦੱਸਿਆ ਅਤੇ ਦੇਸ ਦੀ ਵਿਦੇਸ਼ ਮੰਤਰੀ ਸੁਸਮਾ ਸਵਰਾਜ ਅਤੇ ਸੰਸਦ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਸਾਊਦੀ ਦੀ ਸਫਰ ਜੇਲ ਤੋਂ ਕੱਢਿਆ ਜਾਵੇ। ਜਿਸ ਦੇ ਬਾਅਦ ਸੰਸਦ ਭਗਵੰਤ ਮਾਨ ਦੇ ਰਾਹੀਂ ਅੱਜ ਕਮਲ ਮਨਜਿੰਦਰ ਸਿੰਘ ਸਾਊਦੀ ਦੀ ਸਫਲ ਜੇਲ ਤੋਂ ਛੁੱਟ ਕੇ ਆਪਣੇ ਘਰ ਵਾਪਸ ਆ ਗਿਆ ਹੈ ਅਤੇ ਕਮਲ ਦੇ ਘਰ ਵਾਲੇ ਖੁਸ਼ੀ ਮਨ੍ਹਾ ਰਹੇ ਹਨ ਅਤੇ ਘਰ ਵਾਲਿਆ ਨੇ ਪੱਤਰਕਾਰਾਂ ਤੇ ਸੰਸਦ ਭਗਵੰਤ ਮਾਨ ਦਾ ਧੰਨਵਾਦ ਕੀਤਾ।
ਸਾਊਦੀ ਅਰਬ ਤੋਂ ਵਾਪਸ ਆਏ ਕਮਲ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਏਜੰਟ ਦੇ ਰਾਹੀਂ ਇਕ ਸਾਲ ਪਹਿਲਾ 2 ਲੱਖ ਰੁਪਏ ਦੇ ਕੇ ਸਾਊਦੀ ਅਰਬ ਗਿਆ ਸੀ। ਉਸ ਸਮੇ ਏਜੰਟ ਨੇ ਕਿਹਾ ਸੀ ਕਿ ਉੱਥੇ ਡਰਾਇਵਰ ਦਾ ਕੰਮ ਮਿਲੇਗਾ ਪਰ ਉੱਥੇ ਮੇਰੇ ਕੋਲੋਂ ਮਕੈਨੀਕਲ ਕੰਮ ਕਰਾਉਂਦੇ ਸਨ। ਜਦ ਕੁਝ ਮਹੀਨੇ ਬਾਅਦ ਮੈਂ ਆਪਣੀ ਤਨਖ਼ਾਹ ਮੰਗੀ ਤਾਂ ਕੰਪਨੀ ਦੇ ਰਬਾਬ ਨੇ ਮੇਰੇ 'ਤੇ ਚੋਰੀ ਦਾ ਝੂਠਾ ਦੋਸ਼ ਲਗਾ ਕੇ ਮੈਨੂੰ ਜੇਲ ਭੇਜ ਦਿੱਤਾ। 6 ਮਹੀਨੇ ਤੱਕ ਮੈਂ ਜੇਲ 'ਚ ਰਿਹਾ, ਫਿਰ ਇਕ ਦਿਨ ਭਗਵੰਤ ਮਾਨ ਦਾ ਫੋਨ ਨੰਬਰ ਮਿਲਿਆ ਤਾਂ ਸਾਰੀ ਗੱਲ ਅਸੀਂ ਸੰਸਦ ਭਗਵੰਤ ਮਾਨ ਨੂੰ ਦੱਸੀ। 
ਉਨ੍ਹਾਂ ਦੱਸਿਆ ਕਿ ਇਕ ਵੀਡਿਓ ਬਣਾ ਕੇ ਭੇਜੋ, ਅਸੀਂ ਇਕ ਵੀਡਿਓ ਜੇਲ ਤੋਂ ਬਣਾ ਕੇ ਭੇਜੀ, ਉਸ ਦੇ ਬਾਅਦ ਸਾਰੀ ਕਾਰਵਾਈ ਕਰਵਾ ਕੇ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੇ ਸਾਡੇ ਵੀਜ਼ਾ ਕੈਂਸਲ ਕਰਵਾ ਕੇ ਸਾਨੂੰ ਜੇਲ ਤੋਂ ਰਿਹਾਅ ਕਰਵਾਇਆ। ਅਜੇ ਵੀ 4 ਨੌਜਵਾਨ ਉਸ ਜੇਲ 'ਚ ਬੰਦ ਹਨ। ਸਾਡੀ ਸਰਕਾਰ ਤੋਂ ਅਪੀਲ ਹੈ ਕਿ ਉਨ੍ਹਾਂ ਨੂੰ ਵੀ ਰਿਹਾਅ ਕਰਵਾਇਆ ਜਾਵੇ ਅਤੇ ਸਾਊਦੀ ਅਰਬ ਦਾ ਵੀਜਾ ਬੰਦ ਕੀਤਾ ਜਾਵੇ ਅਤੇ ਫਰਜੀ ਏਜੰਟਾ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਉਥੇ ਕਮਲ ਦੇ ਪਿਤਾ ਬੂਟਾ ਸਿੰਘ ਅਤੇ ਕਮਲ ਦੀ ਪਤਨੀ ਸੋਨੀਆ ਨੇ ਪੱਤਰਕਾਰਾਂ ਤੇ ਸੰਸਦ ਭਗਵੰਤ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਕਮਲ ਸਹੀ ਸਲਾਮਤ ਘਰ ਪਹੁੰਚ ਗਿਆ ਹੈ। ਘਰ ਵਾਲਿਆ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਧੋਖੇਬਾਜ ਏਜੰਟ ਨੌਜਵਾਨਾਂ ਦੇ ਨਾਲ ਧੋਖਾ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ 'ਚ ਫਸਾ ਦਿੰਦੇ ਹਨ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।


Related News