ਹਸਪਤਾਲ ''ਚ ਨੌਜਵਾਨ ਦੀ ਮੌਤ, ਡਾਕਟਰ ''ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਪਰਿਵਾਰ ਨੇ ਹਾਈਵੇ ਕੀਤਾ ਜਾਮ

09/14/2022 4:51:22 AM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਭੋਪਰ ਸੈਦਾਂ ਦੇ ਵਸਨੀਕ ਆਕਾਸ਼ ਭੱਟੀ (22) ਦੀ ਬੀਤੀ ਰਾਤ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਜਾਣ 'ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਕਲਾਨੌਰ ਵਿਖੇ ਮੁੱਖ ਮਾਰਗ 'ਤੇ ਕਰੀਬ 5 ਘੰਟੇ ਚੱਕਾ ਜਾਮ ਕਰਕੇ ਡਾਕਟਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹਸਪਤਾਲ ਦੇ ਡਾਕਟਰਾਂ 'ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ, ਉਥੇ ਹੀ ਮ੍ਰਿਤਕ ਦੇ ਮਾਮਾ ਸੈਮੂਅਲ ਮਸੀਹ ਅਤੇ ਮਾਤਾ ਨੇ ਇਲਜ਼ਾਮ ਲਾਇਆ ਕਿ ਡਾਕਟਰਾਂ ਵੱਲੋਂ ਗਲਤ ਦਵਾਈ ਦੇਣ ਤੇ ਟੀਕਾ ਲਗਾਉਣ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਕਲਾਨੌਰ ਨੈਸ਼ਨਲ ਹਾਈਵੇ ਨੂੰ 5 ਘੰਟੇ ਤੱਕ ਜਾਮ ਰੱਖਿਆ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਮੈਡੀਕਲ ਸਟੋਰ 'ਤੇ ਡਰੱਗ ਇੰਸਪੈਕਟਰ ਦੀ ਰੇਡ, 10 ਲੱਖ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ

ਉਧਰ ਮ੍ਰਿਤਕ ਨੌਜਵਾਨ ਦਾ ਇਲਾਜ ਕਰਨ ਵਾਲੇ ਕਲਾਨੌਰ ਦੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਖੁਦ 'ਤੇ ਲੱਗ ਰਹੇ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਬੀਤੇ ਕੱਲ੍ਹ ਸ਼ਾਮ 7 ਵਜੇ ਦੇ ਕਰੀਬ ਆਕਾਸ਼ ਨੂੰ ਪਰਿਵਾਰਕ ਮੈਂਬਰ ਉਨ੍ਹਾਂ ਦੇ ਹਸਪਤਾਲ ਲੈ ਕੇ ਆਏ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਹੋਇਆ ਸੀ, ਜਿਸ 'ਤੇ ਉਨ੍ਹਾਂ ਨੇ ਤੁਰੰਤ ਕਲਾਨੌਰ ਪੁਲਸ ਨੂੰ ਇਤਲਾਹ ਦਿੱਤੀ ਤੇ ਇਲਾਜ ਸ਼ੁਰੂ ਕਰ ਦਿੱਤਾ। ਇਲਾਜ ਦੌਰਾਨ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਕਾਗਜ਼ਾਂ 'ਚ ਹੀ ਚੱਲ ਰਹੀਆਂ ਸਨ 339 ਸਿਆਸੀ ਪਾਰਟੀਆਂ, ਚੋਣ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ

ਉਧਰ ਧਰਨੇ ਦੌਰਾਨ ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਡੀ.ਐੱਸ.ਪੀ. ਰਿਪੁਦਮਨ ਸਿੰਘ ਸੰਧੂ ਅਤੇ ਕਲਾਨੌਰ ਤੋਂ ਡੀ.ਐੱਸ.ਪੀ. ਗੁਰਵਿੰਦਰ ਸਿੰਘ ਨੇ ਸਥਿਤੀ ਨੂੰ ਸੰਭਾਲਿਆ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਇਲਾਜ ਦੌਰਾਨ ਕਲਾਨੌਰ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋਈ ਸੀ, ਜਿਸ 'ਤੇ ਪੁਲਸ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਮੁਤਾਬਕ ਇਸ ਤਰ੍ਹਾਂ ਦੀ ਮੌਤ ਦੇ ਕੇਸ ਵਿਚ ਪੋਸਟਮਾਰਟਮ ਤੋਂ ਬਿਨਾਂ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਬੇਨਤੀ 'ਤੇ ਪੋਸਟਮਾਰਟਮ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਜਾਵੇਗੀ ਤੇ ਜੋ ਵੀ ਤੱਥ ਨਿਕਲਣਗੇ, ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh