ਭਿਆਨਕ ਸੜਕ ਹਾਦਸੇ ਨੇ ਖੋਹਿਆ 5 ਭੈਣਾਂ ਦਾ ਇਕਲੌਤਾ ਭਰਾ

12/11/2019 9:22:36 PM

ਸਮਾਣਾ,(ਦਰਦ, ਅਸ਼ੋਕ):  ਸ਼ਹਿਰ 'ਚ ਸਮਾਣਾ-ਭਵਾਨੀਗੜ੍ਹ ਸੜਕ 'ਤੇ ਸਥਿਤ ਪਿੰਡ ਬੰਮਨਾਂ ਨੇੜੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਮ੍ਰਿਤਕ ਕੁਲਦੀਪ ਸਿੰਘ (19) ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਖੱਤਰੀਵਾਲਾ ਦਾ ਪੋਸਟਮਾਰਟਮ ਕਰਵਾਉਣ ਆਏ ਜਾਂਚ ਅਧਿਕਾਰੀ ਗਾਜੇਵਾਸ ਚੌਕੀ ਦੇ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਚਸ਼ਮਦੀਦ ਬਲਜਿੰਦਰ ਸਿੰਘ ਵਾਸੀ ਪਿੰਡ ਬੰਮਨਾਂ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕੁਲਦੀਪ ਸਿੰਘ ਪਿੰਡ ਬੰਮਨਾਂ ਨੇੜੇ ਆਪਣੇ ਮੋਟਰਸਾਈਕਲ ਕੋਲ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਆ ਰਹੇ ਇਕ ਅਣਪਛਾਤੇ ਟੈਂਪੂ ਦੀ ਟੱਕਰ ਨਾਲ ਕੁਲਦੀਪ ਸਿੰਘ ਸੜਕ 'ਤੇ ਜਾ ਡਿੱਗਾ। ਇਸੇ ਦੌਰਾਨ ਉਹ ਪੀ. ਆਰ. ਟੀ. ਸੀ. ਦੀ ਬੱਸ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗਾਜੇਵਾਸ ਚੌਕੀ ਦੇ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਟੈਂਪੂ ਅਤੇ ਪੀ. ਆਰ. ਟੀ. ਸੀ. ਬੱਸ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਦੇ ਪਿਤਾ ਦੀ ਕਰੀਬ 5 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਉਹ 5 ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰਦਾ ਸੀ।