ਆਸਟਰੇਲੀਆ ''ਚ ਸੜਕ ਹਾਦਸੇ ਦੌਰਾਨ ਜਲੰਧਰ ਦੇ ਨੌਜਵਾਨ ਦੀ ਮੌਤ

03/08/2020 1:27:09 AM

ਲਾਂਬੜਾ,(ਵਰਿੰਦਰ)- ਜਲੰਧਰ ਦੇ ਕਸਬਾ ਲਾਂਬੜਾ ਦੇ ਇਕ ਨੌਜਵਾਨ ਦੀ ਆਸਟਰੇਲੀਆ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਦੁਖਦ ਸੂਚਨਾ ਦੇ ਇਲਾਕੇ ਵਿਚ ਪਹੁੰਚਦੇ ਹੀ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਮੁਤਾਬਕ ਜਰਮਨਜੋਤ ਸਿੰਘ (28) ਪੁੱਤਰ ਪ੍ਰੋਫੈਸਰ ਸਵਿੰਦਰ ਸਿੰਘ ਵਾਸੀ ਟਾਵਰ ਇਨਕਲੇਵ ਥਾਣਾ ਲਾਂਬੜਾ ਸਾਲ 2008 ਵਿਚ ਸਟੱਡੀ ਬੇਸ 'ਤੇ ਆਸਟਰੇਲੀਆ ਗਿਆ ਸੀ। ਉਹ ਸਟੱਡੀ ਪੂਰੀ ਕਰ ਕੇ ਪੱਕਾ ਹੋ ਕੇ ਉਥੇ ਰਹਿ ਰਿਹਾ ਸੀ।
ਬੀਤੇ ਦਿਨ ਮੈਲਬੌਰਨ ਸ਼ਹਿਰ ਵਿਖੇ ਜਰਮਨਜੋਤ ਸਿੰਘ ਆਪਣੀ ਕਾਰ ਰਾਹੀਂ ਕੰਮ ਤੋਂ ਘਰ ਆ ਰਿਹਾ ਸੀ । ਰਸਤੇ ਵਿਚ ਅਚਾਨਕ ਉਸ ਦੀ ਕਾਰ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਜਰਮਨਜੋਤ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਵੱਡਾ ਭਰਾ, ਛੋਟੀ ਭੈਣ ਤੇ ਮਾਪਿਆਂ ਨੂੰ ਛੱਡ ਗਿਆ ਹੈ। ਆਸਟਰੇਲੀਆ ਤੋਂ ਮ੍ਰਿਤਕ ਦੀ ਲਾਸ਼ ਐਤਵਾਰ ਨੂੰ ਭਾਰਤ ਪਹੁੰਚ ਰਹੀ ਹੈ। ਉਸ ਦਾ ਅੰਤਿਮ ਸੰਸਕਾਰ 9 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਵੇਗਾ।