ਖਰੜ ''ਚ ਦੇਰ ਰਾਤ ਸ਼ੱਕੀ ਹਾਲਾਤ ''ਚ ਮਿਲੀ ਹਿਮਾਚਲ ਦੀ ਨੌਜਵਾਨ ਕੁੜੀ, ਅੰਮ੍ਰਿਤਸਰ ਤੋਂ ਆ ਰਹੀ ਸੀ ਵਾਪਸ

12/10/2017 7:33:14 PM

ਖਰੜ (ਅਮਰਦੀਪ) : ਖਰੜ-ਕੁਰਾਲੀ ਕੌਮੀ ਮਾਰਗ ਪਿੰਡ ਦਾਊਂ ਮਾਜਰਾ ਨੇੜੇ ਬੀਤੀ ਰਾਤ 12 ਵਜੇ ਦੇ ਕਰੀਬ ਸ਼ੱਕੀ ਹਾਲਾਤ ਵਿਚ ਇਕ ਨੌਜਵਾਨ ਲੜਕੀ ਮਿਲੀ ਹੈ ਜੋ ਕਿ ਸ਼ਿਮਲਾ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੀ.ਬੀ.ਪੀ. ਅਪਾਰਟਮੈਂਟ ਦੇ ਇਕ ਸਕਿਊਰਿਟੀ ਗਾਰਡ ਨੇ ਐਮਰਜੈਂਸੀ ਐਂਬੂਲੈਂਸ-108 ਨੂੰ ਫੋਨ ਕੀਤਾ ਕਿ ਇਕ ਲੜਕੀ ਸੜਕ ਕਿਨਾਰੇ ਅੱਧ-ਬੇਹੋਸ਼ੀ ਦੀ ਹਾਲਤ ਵਿਚ ਘੁੰਮ ਰਹੀ ਹੈ ਤਾਂ ਐਂਬੂਲੈਂਸ-108 ਦੇ ਮੁਲਾਜ਼ਮ ਮੌਕੇ 'ਤੇ ਪੁਜੇ। ਉਨ੍ਹਾਂ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਪਹੁੰਚਾਇਆ।
ਇਸ ਸਬੰਧੀ ਜਦੋਂ ਪੀ.ਸੀ.ਆਰ. ਦੀ ਟੀਮ ਨੂੰ ਐਂਬੂਲੈਂਸ-108 ਦੇ ਮੁਲਾਜ਼ਮਾਂ ਨੇ ਸੂਚਿਤ ਕੀਤਾ ਤਾਂ ਪੀ.ਸੀ.ਆਰ. ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਆਉਣ ਦਾ ਕੋਈ ਸਾਧਨ ਨਹੀਂ ਹੈ ਤੁਸੀਂ ਉਸਨੂੰ ਹਸਪਤਾਲ ਲੈ ਜਾਓ, ਪੀ.ਸੀ.ਆਰ. ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਹਸਪਤਾਲ ਵਿਚ ਸਵੇਰੇ 3 ਵਜੇ ਤੱਕ ਕੋਈ ਪੁਲਸ ਮੁਲਾਜ਼ਮ ਲੜਕੀ ਦੀ ਸਾਰ ਲੈਣ ਲਈ ਪੁਜਾ। ਜਦਕਿ ਇਸ ਸਬੰਧੀ ਰਾਤ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਲੜਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੱਗ ਰਹੀ ਸੀ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ.ਐਸ.ਆਈ ਬਲਵੀਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੀ ਆਪਣੇ ਮਾਤਾ-ਪਿਤਾ ਨੂੰ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਜਹਾਜ਼ ਚੜਾਉਣ ਤੋਂ ਬਾਅਦ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਘਰ ਵਾਪਸ ਜਾ ਰਹੀ ਸੀ, ਇਹ ਪਤਾ ਨਹੀਂ ਲੱਗ ਸਕਿਆ ਕਿ ਲੜਕੀ ਬੱਸ 'ਚੋਂ ਕਿਵੇਂ ਉਤਰੀ ਅਤੇ ਖਰੜ ਕਿਵੇਂ ਪੁੱਜੀ। ਲੜਕੀ ਦੇ ਰਿਸ਼ਤੇਦਾਰਾਂ ਨੇ ਕੋਈ ਪੁਲਸ ਕਾਰਵਾਈ ਨਾ ਕਰਾਉਣ ਲਈ ਕਿਹਾ ਅਤੇ ਉਹ ਲੜਕੀ ਨੂੰ ਹਸਪਤਾਲ 'ਚੋਂ ਛੁੱਟੀ ਕਰਵਾ ਕੇ ਘਰ ਲੈ ਗਏ।