ਬਿਆਸ ਦਰਿਆ ''ਚੋਂ ਪੋਕਲੇਨ ਨਾਲ ਰੇਤ ਕੱਢਦਾ ਨੌਜਵਾਨ ਡੁੱਬਾ

10/16/2019 8:39:54 PM

ਕਾਹਨੂੰਵਾਨ,(ਸੁਨੀਲ): ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਭੈਣੀ ਪਸਵਾਲ ਨੇੜਿਓਂ ਲੰਘਦੇ ਦਰਿਆ ਬਿਆਸ 'ਚੋਂ ਰੇਤ ਕੱਢਦੇ ਸਮੇਂ ਇਕ ਨੌਜਵਾਨ ਡੁੱਬ ਗਿਆ। ਦਰਿਆ 'ਚ ਡੁੱਬੇ ਨੌਜਵਾਨ ਦੇ ਭਰਾ ਤੀਰਥ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਸ ਦਾ ਭਰਾ ਗੁਰਦੀਪ ਸਿੰਘ (23) ਪੁੱਤਰ ਸਵਰਨ ਸਿੰਘ ਪੋਕਲੇਨ ਮਸ਼ੀਨ 'ਤੇ ਕੰਮ ਸਿੱਖਣ ਲਈ ਪਹਿਲੇ ਦਿਨ ਗਿਆ ਸੀ। ਭੈਣੀ ਪਸਵਾਲ ਵਿਖੇ ਦਰਿਆ ਬਿਆਸ 'ਚੋਂ ਰੇਤ-ਬੱਜਰੀ ਕੱਢਣ ਲਈ ਇਕ ਪੋਕਲੇਨ ਮਸ਼ੀਨ ਸਵਾਰ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਚਲਦੇ ਦਰਿਆ 'ਚ ਕੰਮ ਕਰਦੇ ਸਮੇਂ ਗੁਰਦੀਪ ਸਿੰਘ ਮਸ਼ੀਨ ਤੋਂ ਬਾਹਰ ਨਿਕਲਦੇ ਸਮੇਂ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਾਰਨ ਉਹ ਪਾਣੀ 'ਚ ਡਿੱਗ ਕੇ ਡੁੱਬ ਗਿਆ। ਮੌਕੇ 'ਤੇ ਹਾਜ਼ਰ ਲੋਕਾਂ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਾ ਚੱਲ ਸਕਿਆ। ਤੀਰਥ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦੇਰ ਰਾਤ ਮਿਲੀ, ਜਿਸ ਬਾਰੇ ਲਿਖਤੀ ਰਿਪੋਰਟ ਥਾਣਾ ਭੈਣੀ ਮੀਆਂ ਖਾਂ 'ਚ ਦਿੱਤੀ ਗਈ ਹੈ।

ਖਬਰ ਲਿਖੇ ਜਾਣ ਤੱਕ ਨੌਜਵਾਨ ਬਾਰੇ ਕੋਈ ਵੀ ਉੱਘ-ਸੁੱਘ ਨਹੀਂ ਮਿਲ ਸਕੀ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਕੋਲ ਕੀਤੀ ਹੈ ਪਰ ਵਿਭਾਗ 'ਤੇ ਕੋਈ ਅਸਰ ਨਹੀਂ ਹੋਇਆ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਦੇ ਐੱਸ. ਐੱਚ. ਓ. ਪ੍ਰਭਜੋਤ ਸਿੰਘ ਅਟਵਾਲ ਨੇ ਕਿਹਾ ਕਿ ਬੀਤੇ ਦਿਨ ਨੌਜਵਾਨ ਦੇ ਦਰਿਆ ਬਿਆਸ 'ਚ ਰੁੜ੍ਹ ਜਾਣ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਸੀ। ਉਹ ਮੌਕੇ ਵਾਲੀ ਥਾਂ 'ਤੇ ਗੋਤਾਖੋਰਾਂ ਦੀ ਮਦਦ ਨਾਲ ਛਾਣਬੀਣ ਕਰ ਰਹੇ ਹਨ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐਕਸੀਅਨ ਜੈਪਾਲ ਸਿੰਘ ਭਿੰਡਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।


Related News